ਐੱਨਆਰਆਈ ਦੇ ਘਰ ਦੀ ਦੇਖਭਾਲ ਕਰਦਾ ਸੀ, ਦੋਸਤ ਨੂੰ ਆਉਣ ਤੋਂ ਰੋਕਿਆ ਤਾਂ ਕਰ ਦਿੱਤੀ ਹੱਤਿਆ

-ਮਿਰਚ ਪਾਊਡਰ ਪਾ ਕੇ ਦਾਤਰ ਨਾਲ ਵਾਰ ਕਰ ਕੀਤੀ ਹੱਤਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦਿਹਾਤ ਪੁਲਿਸ ਨੇ ਨੂਰਮਹਿਲ ’ਚ ਹੋਏ ਇਕ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਮਰਨ ਵਾਲਾ ਇਕ ਐੱਨਆਰਆਈ ਦੇ ਘਰ ਦੀ ਦੇਖਭਾਲ ਕਰਦਾ ਸੀ। ਉਸ ਦਾ ਇਕ ਸਾਥੀ ਵਾਰ-ਵਾਰ ਉਸ ਘਰ ’ਚ ਆ ਕੇ ਸ਼ਰਾਬ ਪੀਣ ਦੀ ਜ਼ਿੱਦ ਕਰਦਾ ਸੀ। ਜਦੋਂ ਉਸ ਨੂੰ ਆਉਣ ਤੋਂ ਰੋਕਿਆ ਗਿਆ ਤਾਂ ਸਾਥੀ ਨਾਲ ਮਿਲ ਕੇ ਹੱਤਿਆ ਕਰ ਦਿੱਤੀ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਐੱਸਪੀ ਵਿਨੀਤ ਅਹਲਾਵਤ, ਡੀਐੱਸਪੀ ਨਕੋਦਰ ਓਂਕਾਰ ਸਿੰਘ ਬਰਾਰ ਤੇ ਥਾਣਾ ਨੂਰਮਹਲ ਦੇ ਐੱਸਐੱਚਓ ਇੰਸਪੈਕਟਰ ਪਲਵਿੰਦਰ ਸਿੰਘ ਦੀ ਟੀਮ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਬਬਲੂ ਵਜੋਂ ਹੋਈ ਹੈ, ਜਦਕਿ ਹੱਤਿਆ ਕਰਨ ਵਾਲਿਆਂ ਦੀ ਪਛਾਣ ਮਹਿਤਪੁਰ ਦੇ ਪਿੰਡ ਮਲੋਵਾਲ ਦੇ ਰਹਿਣ ਵਾਲੇ ਸਤਨਾਮ ਸਿੰਘ ਤੇ ਉਸ ਦੇ ਸਾਥੀ ਬਬਲੂ ਉਰਫ਼ ਲੱਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪਹਿਲੀ ਮਾਰਚ ਨੂੰ ਦਲੀਪ ਸਿੰਘ ਨਿਵਾਸੀ ਪੱਟੀ ਪੁਰੇਵਾਲ, ਸ਼ੰਕਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪੁੱਤਰ ਇਕਬਾਲ ਸਿੰਘ ਉਰਫ਼ ਬਬਲੂ 28 ਫਰਵਰੀ ਨੂੰ ਸਕੂਟਰ ’ਤੇ ਨਕੋਦਰ ਤੋਂ ਪਿੰਡ ਰਾਮਪੁਰ ਜਾ ਰਿਹਾ ਸੀ। ਇਸ ਦੌਰਾਨ ਨੂਰਮਹਿਲ ਨੇੜੇ ਨਵੇਂ ਬਣੇ ਹਾਈਵੇ ਕੋਲ ਕੱਚੇ ਰਸਤੇ ’ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਥਾਣਾ ਨੂਰਮਹਿਲ ’ਚ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਬਬਲੂ ਨੂੰ ਰੋਕਣ ਲਈ ਉਸ ਦੀਆਂ ਅੱਖਾਂ ’ਚ ਮਿਰਚ ਪਾਊਡਰ ਪਾਇਆ ਗਿਆ ਸੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਬਬਲੂ ਪਿਛਲੇ ਲਗਭਗ 17-18 ਸਾਲਾਂ ਤੋਂ ਐੱਨਆਰਆਈ ਅਮਰਜੀਤ ਸਿੰਘ ਕੰਗ ਦੇ ਘਰ ਦੀ ਦੇਖਭਾਲ ਕਰਦਾ ਸੀ। ਅਮਰਜੀਤ ਸਿੰਘ ਕੈਨੇਡਾ ’ਚ ਰਹਿੰਦਾ ਸੀ। ਇਸ ਦੌਰਾਨ ਪਿੰਡ ’ਚ ਮਿਸਤਰੀ ਦਾ ਕੰਮ ਕਰਨ ਵਾਲੇ ਸਤਨਾਮ ਸਿੰਘ ਤੇ ਮਜ਼ਦੂਰ ਬਬਲੂ ਉਰਫ਼ ਲੱਲਾ ਨਾਲ ਉਸਦੇ ਵਿਵਾਦ ਰਹਿੰਦੇ ਸਨ। ਦੋਵੇਂ ਐੱਨਆਰਆਈ ਦੇ ਘਰ ਆ ਕੇ ਸ਼ਰਾਬ ਪੀਂਦੇ ਸਨ, ਜਿਸ ਕਾਰਨ ਝਗੜਾ ਹੁੰਦਾ ਸੀ, ਜੋ ਬਾਅਦ ’ਚ ਰੰਜਿਸ਼ ’ਚ ਬਦਲ ਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਮ੍ਰਿਤਕ ਦਾ ਮੋਬਾਈਲ ਫੋਨ ਤੇ ਕੁਝ ਨਕਦੀ ਤੇ ਦਸਤਾਵੇਜ਼ ਲੈ ਕੇ ਫਰਾਰ ਹੋ ਗਏ ਸਨ। ਜਾਂਚ ਦੇ ਆਧਾਰ 'ਤੇ ਪੁਲਿਸ ਨੇ 2 ਅਪ੍ਰੈਲ 2026 ਨੂੰ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਨਿਵਾਸੀ ਮਲੋਵਾਲ ਤੇ ਬਬਲੂ ਉਰਫ਼ ਲੱਲਾ ਨਿਵਾਸੀ ਪੰਡੋਰੀ ਮੋਤੂਆ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।