ਜਾਅਲੀ ਪਰਚੀਆਂ ਰਾਹੀਂ ਚੱਲ ਰਿਹਾ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ
ਜਾਅਲੀ ਪਰਚੀਆਂ ਰਾਹੀਂ ਚੱਲ ਰਿਹਾ ਨਾਜਾਇਜ਼ ਮਾਈਨਿੰਗ ਦਾ ਕਾਲਾ ਕਾਰੋਬਾਰ
Publish Date: Sun, 19 Apr 2026 09:01 PM (IST)
Updated Date: Mon, 20 Apr 2026 04:13 AM (IST)
- ਮਾਈਨਿੰਗ ਵਿਭਾਗ ਨੇ ਰੇਤਾ ਚੋਰੀ ਸਬੰਧੀ ਅਣਪਛਾਤਿਆਂ ਖਿਲਾਫ ਕਰਵਾਇਆ ਮਾਮਲਾ ਦਰਜ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਸ਼ਾਹਕੋਟ : ਇਲਾਕੇ ’ਚ ਨਾਜਾਇਜ਼ ਮਾਈਨਿੰਗ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ ਤੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਇਕ ਪਾਸੇ ਜਿੱਥੇ ਪ੍ਰਸ਼ਾਸਨ ਸਖ਼ਤੀ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ, ਉੱਥੇ ਹੀ ਦੂਜੇ ਪਾਸੇ ਮਾਈਨਿੰਗ ਮਾਫੀਆ ਪ੍ਰਸ਼ਾਸਨ ਦੇ ਨੱਕ ਹੇਠਾਂ ਬੇਖੌਫ ਹੋ ਕੇ ਰੇਤ ਦੀ ਚੋਰੀ ਕਰ ਰਿਹਾ ਹੈ। ਇਸੇ ਕੜੀ ਤਹਿਤ ਜਲੰਧਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਸ਼ਾਹਕੋਟ ਵਿਖੇ ਮਾਈਨਿੰਗ ਇੰਸਪੈਕਟਰ ਜਲੰਧਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਥੰਮੂਵਾਲ, ਚੱਕ ਬਾਹਮਣੀਆਂ ਤੇ ਹੋਰ ਖੇਤਰ ’ਚ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਕੀਤੇ ਮਾਮਲੇ ਅਨੁਸਾਰ ਹਰਮਨਪ੍ਰੀਤ ਸਿੰਘ ਨਾਮਕ ਵਿਅਕਤੀ ਵੱਲੋਂ ਆਨਲਾਈਨ ਪੋਰਟਲ ‘ਤੇ ਮਾਈਨਿੰਗ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਮਾਈਨਿੰਗ ਇੰਸਪੈਕਟਰਾਂ ਸਾਹਿਲ ਰਾਮਪਾਲ ਅਤੇ ਅਮਨਦੀਪ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਜਾਂਚ ਅਧਿਕਾਰੀਆਂ ਨੂੰ ਨਿਰਧਾਰਿਤ ਜਗ੍ਹਾ ’ਤੇ ਪੁੱਜਣ ‘ਤੇ ਰੇਤ ਦੀ ਤਾਜ਼ਾ ਨਿਕਾਸੀ ਦੇ ਸਪੱਸ਼ਟ ਨਿਸ਼ਾਨ ਮਿਲੇ। ਇਸ ਰਿਪੋਰਟ ਦੇ ਆਧਾਰ ‘ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਈਨਿੰਗ ਐਕਟ ਦੀ ਧਾਰਾ 21 ਅਤੇ ਬੀਐੱਨਐੱਸ ਦੀ ਧਾਰਾ 303(2) ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ, ਜਦੋਂ ਮਾਈਨਿੰਗ ਇੰਸਪੈਕਟਰ ਵੱਲੋਂ ਰੇਤਾ ਦੀ ਇਕ ਓਵਰਲੋਡ ਟ੍ਰੈਕਟਰ-ਟਰਾਲੀ ਨੂੰ ਕਾਬੂ ਕੀਤਾ ਗਿਆ। ਫੜੇ ਜਾਣ ‘ਤੇ ਚਾਲਕ ਵੱਲੋਂ ਜੋ ਪਰਚੀ ਦਿਖਾਈ ਗਈ, ਉਹ ਜਾਂਚ ਦੌਰਾਨ ਨਕਲੀ ਪਾਈ ਗਈ। ਇਹ ਰੇਤਾ ਨਾਲ ਲੱਦੀ ਓਵਰਲੋਡ ਟਰਾਲੀ ਫਿਲਹਾਲ ਥਾਣਾ ਸ਼ਾਹਕੋਟ ਦੇ ਬਾਹਰ ਖੜ੍ਹੀ ਹੈ।
ਰੇਤ ਚੋਰੀ ਕਰਨ ਵਾਲੇ ਨਹੀਂ ਬਖ਼ਸ਼ਾਂਗੇ : ਐੱਸਡੀਓ ਮਾਈਨਿੰਗ
ਐੱਸਡੀਓ ਮਾਈਨਿੰਗ ਵਿਜੇ ਕੁਮਾਰ ਨੇ ਦੱਸਿਆ ਕਿ ਪਿੰਡ ਥੰਮੂਵਾਲ ਵਿਖੇ ਨਾਜਾਇਜ ਮਾਈਨਿੰਗ ਦੇ ਨਿਸ਼ਾਨ ਮਿਲਣ ਤੋਂ ਬਾਅਦ ਰੇਤਾ ਚੋਰੀ ਸੰਬਧੀ ਪਰਚਾ ਦਰਜ ਕਰਵਾ ਦਿੱਤਾ ਹੈ ਤੇ ਚੱਕ ਬਾਹਮਣੀਆਂ ਵਿਖੇ ਨਾਜਾਇਜ਼ ਖੱਡਾਂ ਚਲਾਉਣ ਵਾਲਿਆਂ ਨੂੰ ਖਦੇੜ ਦਿੱਤਾ ਹੈ ਤੇ ਉੱਥੇ ਹੁਣ ਕੋਈ ਕੰਮ ਨਹੀਂ ਚੱਲ ਰਿਹਾ। ਜਾਅਲੀ ਪਰਚੀਆਂ ਬਣਾ ਕੇ ਰੇਤਾ ਚੋਰੀ ਕਰਨ ਵਾਲਿਆਂ ਨੂੰ ਵੀ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਗੰਭੀਰ ਮਾਮਲੇ ‘ਚ ਟਰੈਕਟਰ ਟਰਾਲੀ ਚਾਲਕ ਨੂੰ 1 ਲੱਖ ਰੁਪਏ ਦੇ ਕਰੀਬ ਜੁਰਮਾਨਾ ਕੀਤਾ ਗਿਆ ਹੈ। ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ ਤਾਂ ਜੋ ਸਰਕਾਰੀ ਖ਼ਜ਼ਾਨੇ ਨੂੰ ਲੱਗ ਰਹੇ ਚੂਨੇ ਨੂੰ ਰੋਕਿਆ ਜਾ ਸਕੇ।