ਭਾਜਪਾ ਦਾ “ਬਦਲਾਅ” ਨਹੀਂ ਸਗੋਂ “ਬਦਲਾ” ਦਾ ਏਜੰਡਾ: ਦਲ ਖਾਲਸਾ

-ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਤੋੜ ਰਹੇ ਹਨ : ਜਸਟਿਸ ਰਣਜੀਤ ਸਿੰਘ
-ਭਾਰਤ ਦੇ ਗ੍ਰਹਿ ਮੰਤਰੀ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹੋਣ : ਮਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਲ ਖ਼ਾਲਸਾ ਵੱਲੋਂ ਕਰਵਾਏ ਗਏ ਪੰਥਕ ਸੰਮੇਲਨ ’ਚ ਆਗੂਆਂ ਨੇ ਕੇਂਦਰ ਸਰਕਾਰ ਤੇ ਭਾਜਪਾ ਦੀ ਨੀਤੀ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ’ਚ ‘ਬਦਲਾਅ’ ਦੇ ਨਾਅਰੇ ਹੇਠ ਭਾਜਪਾ ਅਸਲ ’ਚ ‘ਬਦਲਾ’ ਦੀ ਰਾਜਨੀਤੀ ਕਰ ਰਹੀ ਹੈ। ਸੰਮੇਲਨ ਦੌਰਾਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਨੂੰ ਮੋਗਾ ’ਚ ਹੋਣ ਵਾਲੀ ‘ਬਦਲਾਅ ਰੈਲੀ’ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਜਵਾਬਦੇਹ ਹੋਣ ਦੀ ਮੰਗ ਕੀਤੀ ਗਈ।
ਸੰਮੇਲਨ ’ਚ ਬੋਲਦਿਆਂ ਦਲ ਖ਼ਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੂੰ ‘ਬਦਲਾਅ’ ਦੇ ਨਾਅਰੇ ਨਾਲ ਭਰਮਾਇਆ ਜਾ ਰਿਹਾ ਹੈ ਪਰ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਕੀ ਇਹ ਨੀਤੀਆਂ ਸੱਚਮੁੱਚ ਪੰਜਾਬ ਲਈ ਹਨ ਜਾਂ ਸਿੱਖਾਂ ਨਾਲ ਬਦਲੇ ਦੀ ਭਾਵਨਾ ਨਾਲ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਅਸਹਿਮਤੀ ਦਾ ਜਵਾਬ ਨਜ਼ਰਬੰਦੀ, ਗੋਲੀਆਂ ਤੇ ਦਮਨ ਨਾਲ ਦਿੱਤਾ ਜਾ ਰਿਹਾ ਹੈ ਤਾਂ ਇਹ ਬਦਲਾਅ ਨਹੀਂ ਸਗੋਂ ਨਫ਼ਰਤ ਤੇ ਬਦਲੇ ਦੀ ਰਾਜਨੀਤੀ ਹੈ। ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਪੰਜਾਬ ਤੇ ਸਿੱਖਾਂ ਵੱਲੋਂ ਦਿੱਤੇ ਗਏ ਯੋਗਦਾਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨਾਅਰੇਬਾਜ਼ੀ ਨਹੀਂ ਸਗੋਂ ਜਵਾਬਦੇਹੀ ਚਾਹੁੰਦਾ ਹੈ। ਸੰਮੇਲਨ ’ਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ, ਸਿਮਰਨਜੀਤ ਸਿੰਘ ਮਾਨ, ਐੱਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ, ਪ੍ਰੋਫੈਸਰ ਜਗਮੋਹਨ ਸਿੰਘ, ਬਾਪੂ ਤਰਸੇਮ ਸਿੰਘ, ਨਰਾਇਣ ਸਿੰਘ ਸਮੇਤ ਕਈ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਕਾਨੂੰਨ-ਵਿਵਸਥਾ ਦੇ ਨਾਂ ’ਤੇ ਗ਼ੈਰਕਾਨੂੰਨੀ ਤੇ ਗ਼ੈਰ-ਨਿਆਇਕ ਕਤਲਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ’ਚ ਪੰਜਾਬ ’ਚ 36 ਪੁਲਿਸ ਮੁਕਾਬਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ 6 ਲੋਕਾਂ ਦੀ ਮੌਤ ਤੇ ਕਈ ਹੋਰ ਜਖ਼ਮੀ ਹੋਏ ਹਨ। ਸੰਮੇਲਨ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਤਿੰਨ ਸਾਲਾਂ ਤੋਂ ਨਜ਼ਰਬੰਦ ਰੱਖਣ ਦੀ ਵੀ ਆਲੋਚਨਾ ਕੀਤੀ ਗਈ ਤੇ ਪੁੱਛਿਆ ਗਿਆ ਕਿ ਇਕ ਚੁਣੇ ਹੋਏ ਸੰਸਦ ਮੈਂਬਰ ਨੂੰ ਬਿਨਾਂ ਮੁਕੱਦਮੇ ਦੇ ਕਿੰਨਾ ਸਮਾਂ ਜੇਲ੍ਹ ’ਚ ਰੱਖਿਆ ਜਾਵੇਗਾ। ਸਿਮਰਨਜੀਤ ਸਿੰਘ ਮਾਨ ਨੇ ਅੰਤਰਰਾਸ਼ਟਰੀ ਮਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਦੇਸ਼ਾਂ ’ਚ ਸਿੱਖ ਆਗੂਆਂ ਨਾਲ ਜੁੜੀਆਂ ਘਟਨਾਵਾਂ ’ਤੇ ਵੀ ਨਵੀਂ ਦਿੱਲੀ ਨੂੰ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ।
ਸੰਮੇਲਨ ’ਚ ਇਹ ਵੀ ਮੰਗ ਕੀਤੀ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੋਂ ਲਟਕਾਈਆਂ ਹੋਈਆਂ ਹਨ ਤੇ ਸਿੱਖਾਂ ਨੂੰ ਆਪਣੇ ਜਮਹੂਰੀ ਹੱਕ ਵਰਤਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੰਮੇਲਨ ’ਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਉਠਾਇਆ ਗਿਆ ਤੇ ਕਿਹਾ ਗਿਆ ਕਿ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਕਾਨੂੰਨੀ ਨਿਯਮਾਂ ਅਨੁਸਾਰ ਰਿਹਾਈ ਦਿੱਤੀ ਜਾਣੀ ਚਾਹੀਦੀ ਹੈ। ਅਖੀਰ ’ਚ ਪੰਥਕ ਆਗੂਆਂ ਨੇ ਈਰਾਨ ’ਚ ਨਿਰਦੋਸ਼ ਨਾਗਰਿਕਾਂ ਦੀਆਂ ਮੌਤਾਂ ’ਤੇ ਦੁੱਖ ਪ੍ਰਗਟ ਕਰਦਿਆਂ ਮਨੁੱਖੀ ਹੱਕਾਂ ਦੀ ਰੱਖਿਆ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ।