ਚੋਣਾਂ ’ਚ ਭਾਜਪਾ ਦੇ ਵਰਕਰ ਅਹਿਮ ਭੂਮਿਕਾ ਨਿਭਾਉਣਗੇ : ਆਰਤੀ ਰਾਜਪੂਤ
ਚੋਣਾਂ ’ਚ ਭਾਜਪਾ ਦੇ ਵਰਕਰ ਅਹਿਮ ਭੂਮਿਕਾ ਨਿਭਾਉਣਗੇ - ਆਰਤੀ ਰਾਜਪੂਤ
Publish Date: Sun, 12 Apr 2026 06:18 PM (IST)
Updated Date: Sun, 12 Apr 2026 06:22 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਭਾਜਪਾ ਜਲੰਧਰ ਸ਼ਹਿਰੀ ਮਹਿਲਾ ਮੋਰਚਾ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਆਰਤੀ ਰਾਜਪੂਤ ਨੇ ਕਿਹਾ ਹੈ ਕਿ ਭਾਜਪਾ ਵਰਕਰ ਸੰਗਠਨ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ ਤੇ ਪੰਜਾਬ ’ਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਜਿਸ ਨਾਲ ਪਾਰਟੀ ਲਈ ਸ਼ਾਨਦਾਰ ਜਿੱਤ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਬੂਥ, ਮੰਡਲ ਤੇ ਵਾਰਡ ਪ੍ਰਧਾਨ ਉਨ੍ਹਾਂ ਦੇ ਮੈਂਬਰਾਂ ਦੇ ਨਾਲ ਸਾਰੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਉਨ੍ਹਾਂ ਦੀ ਸਮੂਹਿਕ ਮਿਹਨਤ ਨਾਲ ਹੀ 2027 ’ਚ ਪਾਰਟੀ ਦੀ ਜਿੱਤ ਪੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਇਕਲੌਤੀ ਰਾਜਨੀਤਿਕ ਪਾਰਟੀ ਹੈ, ਜੋ ਆਮ ਵਰਕਰ ਨੂੰ ਜ਼ਮੀਨੀ ਪੱਧਰ ਦੇ ਕਾਰਕੁੰਨ ਤੋਂ ਲੈ ਕੇ ਪ੍ਰਧਾਨ ਮੰਤਰੀ ਜਾਂ ਰਾਸ਼ਟਰੀ ਪ੍ਰਧਾਨ ਤੱਕ ਉੱਚੇ ਅਹੁਦਿਆਂ ’ਤੇ ਪਹੁੰਚਣ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਸਾਰਿਆਂ ਨੂੰ ਤੁਰੰਤ ਇਕਜੁੱਟ ਹੋਣ ’ਤੇ ਮੋਦੀ ਸਰਕਾਰ ਦੀਆਂ ਵਿਕਾਸ ਨੀਤੀਆਂ ਨੂੰ ਸੂਬੇ ਦੇ ਹਰ ਕੋਨੇ ਤੱਕ ਲੈ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਭਾਜਪਾ ਹੀ ਇੱਕੋ ਇਕ ਪਾਰਟੀ ਹੈ, ਜੋ ਸੂਬੇ ਦੇ ਹਰ ਵਾਸੀ ਨੂੰ ਸੁਰੱਖਿਆ ਦੀ ਗਰੰਟੀ ਦੇਣ ਦੇ ਸਮਰੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਦੀ ਭੁੱਖੀ ‘ਆਪ’ ਤੇ ਕਾਂਗਰਸ ਪਾਰਟੀਆਂ ਨੇ ਸੂਬੇ ਦੇ ਅੰਦਰ ਵੱਡੇ ਪੱਧਰ ’ਤੇ ਲੁੱਟ-ਖਸੁੱਟ ਕੀਤੀ ਹੈ ਤੇ ਭਵਿੱਖਬਾਣੀ ਕੀਤੀ ਹੈ ਕਿ ਨੇੜਲੇ ਭਵਿੱਖ ’ਚ ਉਨ੍ਹਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਕ ਸਪੱਸ਼ਟ ਸੱਦਾ ਦਿੱਤਾ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਖੁਸ਼ਹਾਲ ਪੰਜਾਬ ਦੀ ਨੀਂਹ ਰੱਖਣ ਲਈ ਇਕੱਠੇ ਹੋਣ ਤੇ ਭਾਜਪਾ ਨੂੰ ਆਪਣਾ ਅਤੁੱਟ ਸਮਰਥਨ ਦੇ ਕੇ 2027 ’ਚ ਇਕ ਮਜ਼ਬੂਤ ਸਰਕਾਰ ਸਥਾਪਤ ਕਰਨ ’ਚ ਇਤਿਹਾਸਕ ਯੋਗਦਾਨ ਪਾਉਣ।