ਭਾਜਪਾ ਦੀ ਰੈਲੀ ਨੇ ਰਚਿਆ ਨਵਾਂ ਸਿਆਸੀ ਅਧਿਆਇ : ਕੈਂਥ
“ਅਨੁਸੂਚਿਤ ਜਾਤੀ ਸਮੇਤ ਹਰ ਵਰਗ ਦੀ ਭਾਗੀਦਾਰੀ ਨਾਲ ਭਾਜਪਾ ਰੈਲੀ ਨੇ ਨਵਾਂ ਰਾਜਨੀਤਿਕ ਅਧਿਆਇ ਰਚਿਆ” - ਕੈਂਥ
Publish Date: Thu, 15 Jan 2026 07:52 PM (IST)
Updated Date: Thu, 15 Jan 2026 07:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਹਾਲ ਹੀ ’ਚ ਮਾਘੀ ਦੇ ਮੌਕੇ ’ਤੇ ਕਰਵਾਈ ਗਈ ਵਿਸ਼ਾਲ ਰਾਜਨੀਤਿਕ ਰੈਲੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਾਜ ਦੀ ਰਾਜਨੀਤੀ ਹੁਣ ਨਵੇਂ ਤੇ ਸਕਾਰਾਤਮਕ ਬਦਲਾਅ ਦੀ ਦਿਸ਼ਾ ਵੱਲ ਅੱਗੇ ਵੱਧ ਰਹੀ ਹੈ। ਇਹ ਰੈਲੀ ਸਿਰਫ਼ ਰਾਜਨੀਤਿਕ ਸਮਾਗਮ ਨਹੀਂ ਸੀ, ਸਗੋਂ ਪੰਜਾਬ ਦੇ ਸਮਾਜਿਕ, ਆਰਥਿਕ ਤੇ ਵਿਚਾਰਧਾਰਾਤਮਕ ਪੁਨਰਨਿਰਮਾਣ ਵੱਲ ਇਕ ਮਜ਼ਬੂਤ ਸੰਦੇਸ਼ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇੱਥੇ ਜਾਰੀ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਰੈਲੀ ’ਚ ਸਮਾਜ ਦੇ ਹਰ ਵਰਗ ਖਾਸ ਕਰਕੇ ਅਨੁਸੂਚਿਤ ਜਾਤੀ, ਨੌਜਵਾਨ, ਕਿਸਾਨ, ਮਜ਼ਦੂਰ ਤੇ ਵਾਂਝੇ ਵਰਗ ਦੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਪੰਜਾਬ ਦੀ ਜਨਤਾ ਹੁਣ ਰਵਾਇਤੀ ਰਾਜਨੀਤੀ ਤੋਂ ਅੱਗੇ ਵੱਧ ਕੇ ਵਿਕਾਸ, ਸੁਸ਼ਾਸਨ ਤੇ ਸਾਮਾਨ ਮੌਕਿਆਂ ਵਾਲੀ ਰਾਜਨੀਤੀ ਚਾਹੁੰਦੀ ਹੈ। ਭਾਜਪਾ ਨੇਤਾ ਕੈਂਥ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਸਮਾਜ ਦੇ ਸਸ਼ਕਤੀਕਰਨ ਲਈ ਸਿਰਫ ਐਲਾਨਾਂ ’ਤੇ ਨਹੀਂ, ਸਗੋਂ ਠੋਸ ਨੀਤੀਆਂ ’ਤੇ ਭਰੋਸਾ ਕਰਦੀ ਹੈ। ਕੇਂਦਰ ਸਰਕਾਰ ਵੱਲੋਂ ਸਿੱਖਿਆ, ਸਵੈਰੁਜ਼ਗਾਰ, ਸਮਾਜਿਕ ਸੁਰੱਖਿਆ ਤੇ ਸਨਮਾਨਪੂਰਨ ਜੀਵਨ ਨਾਲ ਸਬੰਧਤ ਜੋ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਅਸਲੀ ਲਾਭ ਅਨੁਸੂਚਿਤ ਜਾਤੀ ਸਮਾਜ ਤੱਕ ਪਹੁੰਚਾਉਣਾ ਭਾਜਪਾ ਦੀ ਪਹਿਲ ਹੈ। ਭਾਜਪਾ ਆਗੂ ਨੇ ਅੱਗੇ ਕਿਹਾ ਕਿ ਪੰਜਾਬ ’ਚ ਅਨੁਸੂਚਿਤ ਜਾਤੀ ਸਮਾਜ ਲੰਮੇ ਸਮੇਂ ਤੋਂ ਸਮਾਜਿਕ ਨਿਆਂ ਤੇ ਆਰਥਿਕ ਮੌਕਿਆਂ ਦੀ ਅਸਲੀ ਭਾਈਵਾਲੀ ਤੋਂ ਵਾਂਝਾ ਰਿਹਾ ਹੈ। ਭਾਜਪਾ ਇਸ ਸਥਿਤੀ ਨੂੰ ਬਦਲਣ ਲਈ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰੇਗੀ, ਸਥਾਨਕ ਲੀਡਰਸ਼ਿਪ ਨੂੰ ਅੱਗੇ ਲਿਆਏਗੀ ਤੇ ਸਮਾਜ ਨਾਲ ਨਿਰੰਤਰ ਸੰਵਾਦ ਸਥਾਪਿਤ ਕਰੇਗੀ। ਉਪ ਪ੍ਰਧਾਨ ਕੈਂਥ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਾਲੀਆ ਰੈਲੀ ਤੋਂ ਬਾਅਦ ਪਾਰਟੀ ਕਾਰਕੁੰਨਾਂ ’ਚ ਨਵਾਂ ਉਤਸ਼ਾਹ ਤੇ ਸਪੱਸ਼ਟ ਦਿਸ਼ਾ ਨਜ਼ਰ ਆ ਰਹੀ ਹੈ। ਆਉਣ ਵਾਲੇ ਸਮੇਂ ’ਚ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਰਾਜਨੀਤੀ ’ਚ ਇਕ ਜ਼ਿੰਮੇਵਾਰ, ਭਰੋਸੇਯੋਗ ਤੇ ਵਿਕਾਸਮੁਖੀ ਬਦਲ ਵਜੋਂ ਉਭਰੇਗੀ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਜਾਤੀ, ਵਰਗ ਤੇ ਖੇਤਰੀ ਹੱਦਾਂ ਤੋਂ ਉੱਪਰ ਉੱਠ ਕੇ ਇਕ ਮਜ਼ਬੂਤ, ਸੁਰੱਖਿਅਤ ਤੇ ਖੁਸ਼ਹਾਲ ਪੰਜਾਬ ਦੇ ਨਿਰਮਾਣ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜਨ।