ਇਸਤਾਂਬੁਲ ’ਚ ਫਸਿਆ ਭਾਜਪਾ ਆਗੂ ਦਾ ਪੁੱਤਰ ਵਾਪਸ ਪਰਤਿਆ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Fri, 06 Mar 2026 10:45 PM (IST)
Updated Date: Fri, 06 Mar 2026 10:48 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਇਜ਼ਰਾਈਲ-ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੇ ਯੁੱਧ ਕਾਰਨ, ਭਾਜਪਾ ਦੇ ਆਗੂ ਦਾ ਪੁੱਤਰ ਚਾਰ ਦਿਨ ਤੱਕ ਤੁਰਕੀ ਦੀ ਰਾਜਧਾਨੀ ਇਸਤਾਂਬੁਲ ’ਚ ਫਸਿਆ ਰਿਹਾ। ਭਾਜਪਾ ਦੇ ਜ਼ਿਲ੍ਹਾ ਬੁਲਾਰਾ ਗੁਰਦੇਵ ਸਿੰਘ ਗੋਲਡੀ ਭਾਟੀਆ ਦਾ ਪੁੱਤਰ ਪ੍ਰਭਨੂਰ ਸਿੰਘ ਕੈਨੇਡਾ ਤੋਂ ਭਾਰਤ ਵਾਪਸ ਆ ਰਿਹਾ ਸੀ, ਇਸ ਦੌਰਾਨ ਜੰਗ ਸ਼ੁਰੂ ਹੋ ਗਈ। ਇਸ ਕਾਰਨ, ਕੈਨੇਡਾ ਤੋਂ ਦੋਹਾ-ਕਤਰ ਰਾਹੀਂ ਭਾਰਤ ਆਉਣ ਵਾਲੀ ਉਡਾਣ ਨੂੰ ਹੰਗਾਮੀ ਹਾਲਾਤ ’ਚ ਇਸਤਾਂਬੁਲ ’ਚ ਰੋਕ ਦਿੱਤਾ ਗਿਆ। ਪ੍ਰਭਨੂਰ ਸਿੰਘ ਚਾਰ ਦਿਨ ਤੱਕ ਇਸਤਾਂਬੁਲ ’ਚ ਹੀ ਫਸਿਆ ਰਿਹਾ। ਇਸ ਦੌਰਾਨ ਪਰੇਸ਼ਾਨ ਪਰਿਵਾਰ ਵਾਪਸੀ ਦਾ ਰਾਹ ਲੱਭਦਾ ਰਿਹਾ। ਪ੍ਰਭਨੂਰ ਆਪਣਾ ਜਨਮਦਿਨ ਮਨਾਉਣ ਲਈ ਵਾਪਸ ਆ ਰਿਹਾ ਸੀ। ਹਾਲਾਂਕਿ ਪ੍ਰਭਨੂਰ ਨੇ ਕਿਹਾ ਕਿ ਉਹ ਇਸਤਾਂਬੁਲ ’ਚ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ। ਉਸ ਲਈ ਇਕ ਬਿਹਤਰ ਹੋਟਲ ’ਚ ਰਹਿਣ ਦਾ ਪ੍ਰਬੰਧ ਕੀਤਾ ਸੀ ਪਰ ਪਰਿਵਾਰ ਕੋਲ ਪੁੱਜਣ ਦੀ ਚਿੰਤਾ ਵੀ ਸੀ। ਗੁਰਦੇਵ ਸਿੰਘ ਗੋਲਡੀ ਭਾਟੀਆ ਨੇ ਆਪਣੇ ਪੁੱਤਰ ਲਈ ਨਵੀਂ ਫਲਾਈਟ ਬੁੱਕ ਕੀਤੀ ਤੇ ਉਹ ਚਾਰ ਦਿਨ ਬਾਅਦ ਭਾਰਤ ਪੁੱਜਾ। ਲਗਾਤਾਰ ਉਡਾਣਾਂ ਰੱਦ ਹੋਣ ਕਾਰਨ ਪ੍ਰਭਨੂਰ ਨੂੰ ਇਸਤਾਂਬੁਲ ਤੋਂ ਦਿੱਲੀ ਤੱਕ ਪੁੱਜਣ ਲਈ ਲਗਪਗ ਦੁੱਗਣਾ ਕਿਰਾਇਆ ਖਰਚਣਾ ਪਿਆ। ਗੋਲਡੀ ਭਾਟੀਆ ਨੇ ਕਿਹਾ ਕਿ ਪਰਿਵਾਰ ਨਾਲੋਂ ਜ਼ਿਆਦਾ ਚੀਜ਼ ਕੋਈ ਨਹੀਂ। ਜਲੰਧਰ ਪੁੱਜਣ ’ਤੇ ਪ੍ਰਭਨੂਰ ਸਿੰਘ ਦਾ ਪੂਰੇ ਪਰਿਵਾਰ ਨੇ ਸਵਾਗਤ ਕੀਤਾ ਤੇ ਜਨਮਦਿਨ ਮਨਾਇਆ। ਦਾਦਾ ਰਾਜਿੰਦਰ ਸਿੰਘ ਭਾਟੀਆ, ਪਿਤਾ ਗੁਰਦੇਵ ਸਿੰਘ ਗੋਲਡੀ ਭਾਟੀਆ, ਮਾਤਾ ਡਾ. ਰਮਿੰਦਰ ਕੌਰ ਭਾਟੀਆ, ਬਲਜਿੰਦਰ ਸਿੰਘ, ਜਗਪ੍ਰੀਤ ਕੌਰ, ਕਮਲਜੀਤ ਸਿੰਘ, ਪਰਮਿੰਦਰ ਕੌਰ ਤੇ ਸਰਗੁਣ ਪ੍ਰੀਤ ਨੇ ਪ੍ਰਭਨੂਰ ਦੇ ਜਲੰਧਰ ਪੁੱਜਣ 'ਤੇ ਸਵਾਗਤ ਕੀਤਾ।
---
ਦੁਬਈ ’ਚ ਫਸਿਆ ਜੋੜਾ ਅੱਜ ਪੁੱਜ ਸਕਦੈ ਜਲੰਧਰ
ਕਰੀਬ 5 ਦਿਨ ਤੋਂ ਦੁਬਈ ’ਚ ਫਸੇ ਜਲੰਧਰ ਦੇ ਕਾਰੋਬਾਰੀ ਜੋੜਾ ਆਸ਼ੂਤੋਸ਼ ਧਾਮੀ ਤੇ ਵਨੀਤਾ ਧਾਮੀ ਸ਼ਨਿਚਰਵਾਰ ਨੂੰ ਭਾਰਤ ਵਾਪਸ ਆ ਸਕਦੇ ਹਨ। ਉਡਾਣਾਂ ਰੱਦ ਹੋਣ ਕਾਰਨ 5 ਦਿਨ ਤੋਂ ਇਹ ਜੋੜਾ ਦੁਬਈ ਦੇ ਹੋਟਲ ’ਚ ਹੀ ਰਹਿ ਰਿਹਾ ਹੈ। ਹੁਣ ਕਾਫੀ ਮਹਿੰਗੀਆਂ ਟਿਕਟਾਂ ਬੁੱਕ ਹੋਈਆਂਹਨ ਤੇ ਸ਼ੁੱਕਰਵਾਰ ਰਾਤ ਨੂੰ ਸ਼ਾਰਜਾਹ ਤੋਂ ਭਾਰਤ ਲਈ ਫਲਾਈਟ ਆ ਸਕਦੀ ਹੈ। ਉਮੀਦ ਹੈ ਕਿ ਸ਼ਨਿਚਰਵਾਰ ਦੁਪਹਿਰ ਤੱਕ ਉਹ ਜਲੰਧਰ ਪੁੱਜ ਜਾਣਗੇ। ਇਹ ਜੋੜਾ ਆਪਣੀ ਧੀ ਦੇ ਵਿਆਹ ਲਈ ਖਰੀਦਦਾਰੀ ਕਰਨ ਦੁਬਈ ਗਿਆ ਸੀ ਪਰ ਇਜ਼ਰਾਈਲ-ਅਮਰੀਕਾ ਤੇ ਇਰਾਨ ਵਿਚਾਲੇ ਜੰਗ ਸ਼ੁਰੂ ਹੋਣ ਕਾਰਨ ਖਾੜੀ ਦੇ ਦੇਸ਼ਾਂ ਤੋਂ ਸਾਰੀਆਂ ਉਡਾਣਾਂ ਬੰਦ ਹੋ ਗਈਆਂ ਤੇ ਜੋੜਾ ਉਥੇ ਫਸ ਗਿਆ।