ਭਾਜਪਾ ਸਰਕਾਰ ਬਣਨ ’ਤੇ ਝਾੜੂ ਲਗਾਉਂਦੇ ਦਿਸਣਗੇ ਗੁੰਡੇ, ਮਾਫੀਆ ਤੇ ਮੌਲਾਨਾ : ਯੋਗੀ
ਬੰਗਾਲ ’ਚ ਚੋਣ ਰੈਲੀਆਂ
Publish Date: Thu, 16 Apr 2026 08:03 PM (IST)
Updated Date: Thu, 16 Apr 2026 08:06 PM (IST)
ਬੰਗਾਲ ’ਚ ਚੋਣ ਰੈਲੀਆਂ ’ਚ ਟੀਐੱਮਸੀ ਸਰਕਾਰ ’ਤੇ ਵਰ੍ਹੇ ਯੂਪੀ ਦੇ ਸੀਐੱਮ
ਕੋਲਕਾਤਾ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀਰਵਾਰ ਨੂੰ ਟੀਐੱਮਸੀ ਸਰਕਾਰ ’ਤੇ ਜ਼ੋਰਦਾਰ ਹਮਲਾ ਕਰਦੇ ਹੋਏ ਕਿਹਾ ਕਿ 15 ਸਾਲਾਂ ਦੇ ਰਾਜ ’ਚ ਉਸ ਨੇ ਬੰਗਾਲ ਨੂੰ ਅੱਤਵਾਦ, ਮਾਫੀਆ ਰਾਜ, ਕੱਟਮਨੀ, ਭ੍ਰਿਸ਼ਾਟਚਾਰ ਤੇ ਅਰਾਜਕਤਾ ਦਾ ਅੱਡਾ ਬਣਾ ਕੇ ਰੱਖ ਦਿੱਤਾ ਹੈ। ਬੰਗਾਲ ਦੇ ਚੋਣ ਮੈਦਾਨ ’ਚ ਦੂਸਰੀ ਵਾਰ ਉਤਰੇ ਯੋਗੀ ਨੇ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਵੋਟਰਾਂ ਨੂੰ ਬੇਖ਼ੌਫ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟੀਐੱਮਸੀ ਦੇ ਗੁੰਡੇ, ਮਾਫੀਆ ਕੀ ਕਹਿ ਰਹੇ ਹਨ ਜਾਂ ਕੋਈ ਮੌਲਾਨਾ ਕੀ ਬਕਵਾਸ ਕਰ ਰਿਹਾ ਹੈ, ਤੁਸੀਂ ਕਿਸੇ ਤੋਂ ਨਾ ਡਰੋ। ਡਬਲ ਇੰਜਣ ਦੀ ਭਾਜਪਾ ਸਰਕਾਰ ਆਉਣ ਦਿਓ, ਗੁੰਡੇ, ਮਾਫੀਆ ਤੇ ਮੌਲਾਨ ਤੁਹਾਡੀ ਚਾਪਲੂਸੀ ਕਰਦੇ ਤੇ ਬੰਗਾਲ ਦੀਆਂ ਸੜਕਾਂ ’ਤੇ ਝਾੜੂ ਮਾਰਦੇ ਦਿਖਾਈ ਦੇਣਗੇ। ਟੀਐੱਮਸੀ ਨੇ ਬੰਗਾਲ ਨੂੰ ਕ੍ਰਾਈਮ ਕੈਪੀਟਲ ’ਚ ਬਦਲ ਦਿੱਤਾ ਹੈ। ਅਪਰਾਧੀਆਂ, ਮਾਫੀਆ ਦਾ ਇਲਾਜ ਸਿਰਫ ਭਾਜਪਾ ਦੀ ਡਬਲ ਇੰਜਣ ਸਰਕਾਰ ਕੋਲ ਹੈ। ਯੋਗੀ ਨੇ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਆਸਨਸੋਲ ਦੇ ਕੋਲ ਬਾਰਾਬਨੀ ਤੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਤੇ ਬੋਲਪੁਰ ’ਚ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ।
ਗਊਮਾਤਾ ਨੂੰ ਵੱਢਣ ਤੇ ਹਿੰਦੂਆਂ ਨੂੰ ਵੰਡਣ ਨਹੀਂ ਦੇਵਾਂਗੇ
ਸੀਐੱਮ ਯੋਗੀ ਨੇ ਕਿਹਾ ਕਿ ਭਾਜਪਾ ਗਾਰੰਟੀ ਦਿੰਦੀ ਹੈ ਕਿ ਬੰਗਾਲ ’ਚ ਸਰਕਾਰ ਬਣਨ ’ਤੇ ਨਾ ਦੰਗਾ ਹੋਵੇਗਾ, ਨਾ ਕਰਫਿਊ ਲੱਗੇਗਾ। ਗਊਮਾਤ ਨੂੰ ਵੱਢਣ ਤੇ ਹਿੰਦੂਆਂ ਨੂੰ ਵੰਡਣ ਨਹੀਂ ਦੇਵਾਂਗੇ। ਦੋਸ਼ ਲਗਾਇਆ ਕਿ ਪਹਿਲਾਂ ਕਾਂਗਰਸ, ਫਿਰ ਖੱਬੇਪੱਖੀਆਂ ਤੇ ਹੁਣ 15 ਸਾਲਾਂ ਤੋਂ ਟੀਐੱਮਸੀ ਨੇ ਬੰਗਾਲ ਦੇ ਸਾਹਮਣੇ ਪਛਾਣ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ।
ਯੋਗੀ ਨੇ ਕਿਹਾ ਕਿ ਨੌਂ ਸਾਲ ਪਹਿਲਾਂ ਬੰਗਾਲ ਤੋਂ ਮਾੜੀ ਹਾਲਤ ਉੱਤਰ ਪ੍ਰਦੇਸ਼ ਦੀ ਸੀ। ਉਥੇ ਹਰ ਦੂਜੇ-ਤੀਜੇ ਦਿਨ ਦੰਗਾ ਹੁੰਦਾ ਸੀ। ਗੁੰਡਾਗਰਦੀ-ਅਪਰਾਧ ਸਿਖ਼ਰ ’ਤੇ ਸੀ, ਮਾਫੀਆ ਹਾਵੀ ਸਨ। ਜਿਵੇਂ ਮਮਤਾ ਦੀਦੀ ਨੂੰ ਰਾਮ ਨਾਮ ਤੇ ਦੁਰਗਾ ਪੂਜਾ ਨਾਲ ਚਿੜ੍ਹ ਹੈ, ਯੂਪੀ ’ਚ ਵੀ ਇਸੇ ਤਰ੍ਹਾਂ ਹੁੰਦਾ ਸੀ। ਜੈਸ਼੍ਰੀ ਰਾਮ ਬੋਲਣ ’ਤੇ ਪਾਬੰਦੀ ਹੁੰਦੀ ਸੀ। ਯੂਪੀ ’ਚ ਡਬਲ ਇੰਜਣ ਸਰਕਾਰ ਆਈ ਤਾਂ ਅਯੁੱਧਿਆ ’ਚ ਰਾਮ ਜਨਮ ਭੂਮੀ ’ਤੇ ਭਗਵਾ ਸ਼੍ਰੀਰਾਮ ਦਾ ਮੰਦਿਰ ਬਣ ਕੇ ਖੜ੍ਹਾ ਹੋ ਗਿਆ ਹੈ, ਇਸ ਨੂੰ ਕਾਂਗਰਸ, ਸਪਾ ਤੇ ਟੀਐੱਮਸੀ ਰੋਕ ਨਹੀਂ ਸਕੀਆਂ। ਉੱਤਰ ਪ੍ਰਦੇਸ਼ ’ਚ ਬੁਲਡੋਜ਼ਰ ਹੁਣ ਮਾਫੀਆ ਦੀ ਹੱਡੀ-ਪਸਲੀ ਠੀਕ ਕਰਦਾ ਹੈ। ਮਾਫੀਆ ਦੀ ਜ਼ਮੀਨ ਲੈ ਕੇ ਗਰੀਬਾਂ ਦੀ ਰਿਹਾਇਸ਼ ਬਣਦੀ ਹੈ।