ਬਾਇਓਗੈਸ ਪਲਾਂਟ ਨਹੀਂ ਲੱਗਣ ਦਿੱਤਾ ਜਾਵੇਗਾ : ਪਰਗਟ ਸਿੰਘ
ਜਮਸ਼ੇਰ ਡੇਅਰੀ ਕੰਪਲੈਕਸ ਦੀ ਚਾਰਾ ਮੰਡੀ ’ਚ ਬਾਇਓਗੈਸ ਪਲਾਂਟ ਨਹੀਂ ਲਗਣ ਦਿੱਤਾ ਜਾਵੇਗਾ: ਪਰਗਟ ਸਿੰਘ
Publish Date: Mon, 12 Jan 2026 07:37 PM (IST)
Updated Date: Mon, 12 Jan 2026 07:39 PM (IST)

-ਵਸਨੀਕਾਂ ਤੇ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ, ਸਰਕਾਰ ਨੂੰ 23 ਜਨਵਰੀ ਤੱਕ ਅਲਟੀਮੇਟਮ ਪੰਜਾਬੀ ਜਾਗਰਣ ਰਿਪੋਰਟਰ, ਜਲੰਧਰ : ਜਮਸ਼ੇਰ ਡੇਅਰੀ ਕੰਪਲੈਕਸ ਦੀ ਚਾਰਾ ਮੰਡੀ ’ਚ ਬਣਾਏ ਜਾ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ’ਚ ਸੋਮਵਾਰ ਨੂੰ ਇਲਾਕੇ ਦੇ ਵਸਨੀਕਾਂ ਤੇ ਕਿਸਾਨ ਸਮੂਹਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿਰੋਧ ਪ੍ਰਦਰਸ਼ਨ ’ਚ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪਰਗਟ ਸਿੰਘ ਵੀ ਸ਼ਾਮਲ ਹੋਏ ਤੇ ਉਨ੍ਹਾਂ ਨੇ ਪਲਾਂਟ ਦੀ ਤਿੱਖੀ ਆਲੋਚਨਾ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਚਾਰਾ ਮੰਡੀ ਦੇ ਅੰਦਰ ਬਾਇਓਗੈਸ ਪਲਾਂਟ ਕਿਸੇ ਵੀ ਸੂਰਤ ’ਚ ਲੱਗਣ ਨਹੀਂ ਦਿੱਤਾ ਜਾਵੇਗਾ। ਜਨਤਕ ਸਿਹਤ ਤੇ ਪ੍ਰਦੂਸ਼ਣ ਨੂੰ ਧਿਆਨ ’ਚ ਰੱਖਦੇ ਹੋਏ ਪਲਾਂਟ ਨੂੰ ਪਿੰਡ ਦੀ ਹੱਦ ਤੋਂ ਬਾਹਰ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਨਗਰ ਨਿਗਮ ਤੇ ਸਰਕਾਰ ਨੂੰ ਇਸ ਪ੍ਰੋਜੈਕਟ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਮਸ਼ੇਰ ਡੇਅਰੀ ਕੰਪਲੈਕਸ ਪਹਿਲਾਂ ਹੀ ਬੁਰੀ ਹਾਲਤ ’ਚ ਹੈ ਤੇ ਨਗਰ ਨਿਗਮ ਵੱਲੋਂ ਅਜੇ ਤੱਕ ਇਸ ਨੂੰ ਪੂਰੀ ਤਰ੍ਹਾਂ ਵਿਕਸਤ ਨਹੀਂ ਕੀਤਾ ਗਿਆ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇੱਥੇ ਠੋਸ ਕੂੜਾ ਪ੍ਰਬੰਧਨ ਜਾਂ ਬਾਇਓਗੈਸ ਪਲਾਂਟ ਲਗਾਇਆ ਗਿਆ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਵੇਗੀ। ਪਰਗਟ ਸਿੰਘ ਨੇ ਦੱਸਿਆ ਕਿ ਜੇਕਰ ਚਾਰਾ ਮੰਡੀ ’ਚ ਬਾਇਓਗੈਸ ਪਲਾਂਟ ਬਣਿਆ ਤਾਂ ਕਿਸਾਨਾਂ ਲਈ ਚਾਰੇ ਦੀ ਜਗ੍ਹਾ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਪ੍ਰੋਜੈਕਟ ਸਾਰੇ ਨਿਯਮਾਂ ਤੇ ਵਿਸਥਾਰ ਨਾਲ ਅਧਿਐਨ ਤੋਂ ਬਾਅਦ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਉਹ ਜਮਸ਼ੇਰ ਦੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਤੇ ਇਸ ਮਸਲੇ ’ਤੇ ਪਿੱਛੇ ਨਹੀਂ ਹਟਣਗੇ। ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵੀ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਭੋਗਪੁਰ ’ਚ ਸੀਐੱਨਜੀ ਪਲਾਂਟ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਹਨ ਤੇ ਉੱਥੇ ਇਕ ਵੀ ਇੱਟ ਨਹੀਂ ਰੱਖਣ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਜਿਹੇ ਪਲਾਂਟ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ ਤੇ ਜਮਸ਼ੇਰ ਦੇ ਲੋਕਾਂ ਦੇ ਸੰਘਰਸ਼ ’ਚ ਉਹ ਪੂਰੀ ਤਰ੍ਹਾਂ ਨਾਲ ਖੜ੍ਹੇ ਹਨ। ਕਿਸਾਨ ਸੰਗਠਨ ਦੇ ਜ਼ਿਲ੍ਹਾ ਮੁਖੀ ਜਥੇਦਾਰ ਕੁਲਵਿੰਦਰ ਸਿੰਘ ਨੇ ਨਗਰ ਨਿਗਮ ਤੇ ਸਰਕਾਰ ਨੂੰ 23 ਜਨਵਰੀ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਤਰੀਕ ਤੱਕ ਪ੍ਰੋਜੈਕਟ ਨੂੰ ਰੋਕਿਆ ਨਾ ਗਿਆ ਤਾਂ ਉਹ ਪਲਾਂਟ ਦਾ ਢਾਂਚਾ ਢਾਹ ਦੇਣਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਸਨੀਕਾਂ ਨੂੰ ਲਾਮਬੰਦ ਕਰਨ ਲਈ ਜਲਦੀ ਹੀ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਕਿਸਾਨ ਸੰਗਠਨ ਤੇ ਪਿੰਡ ਵਾਸੀ ਇੱਕਜੁੱਟ ਹੋ ਕੇ ਹਰ ਕਿਸਮ ਦੀ ਕੁਰਬਾਨੀ ਲਈ ਤਿਆਰ ਹਨ।