ਕਮਲ ਕਿਸ਼ੋਰ, ਜਾਗਰਣ, ਜਲੰਧਰ ਪਾਵਰਕਾਮ

ਕਮਲ ਕਿਸ਼ੋਰ, ਜਾਗਰਣ, ਜਲੰਧਰ
ਪਾਵਰਕਾਮ ਹੁਣ ਜਲੰਧਰ ਸਰਕਲ ਦੇ ਖਪਤਕਾਰਾਂ ਦੇ ਘਰਾਂ ’ਚ ਸਮਾਰਟ ਮੀਟਰ ਲਾ ਰਿਹਾ ਹੈ। ਜਿਨ੍ਹਾਂ ਦੇ ਘਰਾਂ ’ਚ ਸਮਾਰਟ ਮੀਟਰ ਲੱਗੇ ਹਨ, ਉਨ੍ਹਾਂ ਨੂੰ ਮਹੀਨੇ ਬਾਅਦ ਬਿੱਲ ਆਉਣਾ ਸ਼ੁਰੂ ਹੋ ਗਿਆ ਹੈ। 30 ਦਿਨਾਂ ਦੇ ਹਿਸਾਬ ਨਾਲ 300 ਯੂਨਿਟ ਮਿਲ ਰਹੇ ਹਨ, ਜਿਸ ਦਾ ਮਤਲਬ ਹੈ ਕਿ ਹਰ ਦਿਨ ਦੇ ਹਿਸਾਬ ਨਾਲ 10 ਯੂਨਿਟ ਮੁਫਤ ਮਿਲ ਰਹੇ ਹਨ। ਜੇ 300 ਯੂਨਿਟਾਂ ਦੀ ਖਪਤ ਦਿਨਾਂ ਦੇ ਹਿਸਾਬ ਨਾਲ ਵੱਧ ਜਾਂਦੀ ਹੈ ਤਾਂ ਉਪਭੋਗਤਾ ਨੂੰ ਪੂਰੇ ਮਹੀਨੇ ਦਾ ਬਿੱਲ ਭਰਨਾ ਪਵੇਗਾ। ਪਾਵਰਕਾਮ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਘਰਾਂ ਦੀ ਖਪਤ 7 ਕਿੱਲੋਵਾਟ ਜਾਂ ਇਸ ਤੋਂ ਵੱਧ ਹੈ, ਉਨ੍ਹਾਂ ਨੂੰ ਮਹੀਨਾਵਾਰ ਬਿੱਲ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਦਾ ਕਾਰੋਬਾਰੀ ਕੁਨੈਕਸ਼ਨ ਹੈ, ਉਨ੍ਹਾਂ ਨੂੰ ਵੀ ਮਹੀਨਾਵਾਰ ਬਿੱਲ ਭੇਜਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਨੂੰ ਮਿਲਣ ਵਾਲੇ ਦੋ ਮਹੀਨਿਆਂ ਵਿਚ 300 ਯੂਨਿਟ ਮੁਫਤ ਰੱਖੇ ਗਏ ਹਨ।
---
ਜਲੰਧਰ ਸਰਕਲ ’ਚ 25 ਫੀਸਦੀ ਲੱਗ ਚੁੱਕੇ ਹਨ ਸਮਾਰਟ ਮੀਟਰ
ਪਾਵਰਕਾਮ ਦਾ ਕਹਿਣਾ ਹੈ ਕਿ ਜਲੰਧਰ ਸਰਕਲ ’ਚ 6.39 ਲੱਖ ਖਪਤਕਾਰ ਹਨ। 1.15 ਲੱਖ ਖਪਤਕਾਰਾਂ ਦੇ ਘਰਾਂ ’ਚ ਸਮਾਰਟ ਮੀਟਰ ਲੱਗ ਚੁੱਕੇ ਹਨ। ਖਪਤਕਾਰ ਨੂੰ ਸਿੰਗਲ ਫੇਜ਼ ਮੀਟਰ ਲਈ ਸਿਰਫ 840 ਰੁਪਏ ਦਾ ਭੁਗਤਾਨ ਕਰਨਾ ਪਵੇਗਾ, ਜਦਕਿ ਇਸ ਦੀ ਕੀਮਤ 4500 ਰੁਪਏ ਹੈ। ਉਥੇ ਹੀ ਥ੍ਰੀ ਫੇਜ਼ ਖਪਤਕਾਰਾਂ ਨੂੰ 7850 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਪਾਵਰਕਾਮ ਜਿਨ੍ਹਾਂ ਲੋਕਾਂ ਦੇ ਨਵੇਂ ਕੁਨੈਕਸ਼ਨ ਲਗਾ ਰਿਹਾ ਹੈ, ਉਨ੍ਹਾਂ ਦੇ ਘਰਾਂ ਤੇ ਉਦਯੋਗਾਂ ’ਚ ਸਮਾਰਟ ਮੀਟਰ ਲਗਾ ਰਿਹਾ ਹੈ।
---
ਇਸ ਤਰ੍ਹਾਂ ਲੈ ਸਕਦੇ ਹਨ ਮੁਫਤ ਯੂਨਿਟਾਂ ਦਾ ਲਾਭ
ਹਰ ਦਿਨ ਦੇ ਹਿਸਾਬ ਨਾਲ 10 ਯੂਨਿਟ ਮੁਫਤ ਖਪਤਕਾਰਾਂ ਨੂੰ ਮਿਲ ਰਹੇ ਹਨ। ਜੇ 30 ਦਿਨਾਂ ’ਚ ਖਪਤਕਾਰਾਂ ਇਕ ਦਿਨ ਵਿਚ 12 ਯੂਨਿਟ ਵਰਤ ਲੈਂਦਾ ਹੈ ਤੇ ਦੂਜੇ ਦਿਨ 8 ਯੂਨਿਟ ਵਰਤ ਲੈਂਦਾ ਹੈ ਤਾਂ ਦੋ ਦਿਨਾਂ ਦੇ 20 ਯੂਨਿਟ ਗਿਣੇ ਜਾਣਗੇ। ਜੇ ਇਕ ਦਿਨ ਵਿਚ 15 ਯੂਨਿਟ ਵਰਤਦਾ ਹੈ ਅਤੇ ਅਗਲੇ ਦਿਨ 12 ਯੂਨਿਟ ਵਰਤਦਾ ਹੈ, ਤਾਂ ਉਸਦੀ ਪ੍ਰਤੀ ਦਿਨ ਦੀ ਔਸਤ 12 ਤੋਂ 13 ਯੂਨਿਟ ਹੋ ਜਾਵੇਗੀ, ਜਿਸ ਨਾਲ ਮਹੀਨੇ ਬਾਅਦ 300 ਯੂਨਿਟ ਤੋਂ ਵੱਧ ਖਪਤ ਹੋਵੇਗੀ। ਇਸ ਸਥਿਤੀ ’ਚ ਉਸ ਨੂੰ ਪੂਰੇ ਬਿੱਲ ਦੀ ਅਦਾਇਗੀ ਕਰਨੀ ਪਵੇਗੀ। ਪਾਵਰਕਾਮ ਮਹੀਨੇ ਦੇ ਹਿਸਾਬ ਨਾਲ ਨਹੀਂ, ਸਗੋਂ ਦਿਨਾਂ ਦੇ ਹਿਸਾਬ ਨਾਲ ਬਿੱਲ ਤਿਆਰ ਕਰ ਰਿਹਾ ਹੈ।
---
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਜਲੰਧਰ ਸਰਕਲ ਦੇ ਖਪਤਕਾਰਾਂ ਦੇ ਘਰਾਂ ’ਚ ਸਮਾਰਟ ਮੀਟਰ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਨੂੰ ਸਮਾਰਟ ਮੀਟਰ ਲਗਾਉਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਜਲੰਧਰ ਸਰਕਲ ਦੇ 25 ਫੀਸਦੀ ਮੀਟਰ ਲੱਗ ਚੁੱਕੇ ਹਨ। ਪਾਵਰਕਾਮ ਦਾ ਸਾਫਟਵੇਅਰ ਦਿਨਾਂ ਦੇ ਹਿਸਾਬ ਨਾਲ ਬਿੱਲ ਤਿਆਰ ਕਰ ਰਿਹਾ ਹੈ। ਸੱਤ ਕਿੱਲੋਵਾਟ ਤੋਂ ਵੱਧ ਖਪਤਕਾਰਾਂ ਨੂੰ ਬਿਜਲੀ ਬਿੱਲ ਪ੍ਰਤੀ ਮਹੀਨਾ ਭੇਜਿਆ ਜਾ ਰਿਹਾ ਹੈ। ਜਲੰਧਰ ਸਰਕਲ ’ਚ 75 ਫੀਸਦ ਖਪਤਕਾਰਾਂ ਦੇ ਘਰਾਂ ’ਚ ਸਿੰਗਲ ਫੇਜ਼ ਮੀਟਰ ਲੱਗੇ ਹੋਏ ਹਨ।