ਦੇਰ ਰਾਤ ਵਾਹਨਾਂ ਦੀ ਚੈਕਿੰਗ, ਮੋਡੀਫਾਈ ਗੱਡੀਆਂ ਦੇ ਕੱਟੇ ਚਲਾਨ
ਥਾਣਾ ਬਿਲਗਾ ਵੱਲੋਂ ਦੇਰ ਰਾਤ ਵਾਹਨਾਂ ਦੀ ਚੈਕਿੰਗ, ਮੋਡੀਫਾਈ ਗੱਡੀਆਂ ਦੇ ਚਲਾਨ ਕੀਤੇ
Publish Date: Mon, 05 Jan 2026 09:20 PM (IST)
Updated Date: Tue, 06 Jan 2026 04:09 AM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਬਿਲਗਾ/ਨੂਰਮਹਿਲ : ਥਾਣਾ ਬਿਲਗਾ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਦੇਰ ਰਾਤ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਗਈ। ਇਸ ਕਾਰਵਾਈ ਦੌਰਾਨ 112 ਦੀ ਟੀਮ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੀ। ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਲਾਕੇ ’ਚ ਮਾੜੇ ਅਨਸਰਾਂ ’ਤੇ ਨਕੇਲ ਕੱਸਣ ਲਈ ਵੱਖ-ਵੱਖ ਥਾਵਾਂ ਜਿਵੇਂ ਮੁਆਈ ਅੱਡਾ, ਪ੍ਰਤਾਪਪੁਰਾ ਅੱਡਾ, ਸੰਗੋਵਾਲ ਆਦਿ ’ਤੇ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ। ਚੈਕਿੰਗ ਦੌਰਾਨ ਕਾਗਜ਼ਾਤ ਪੂਰੇ ਨਾ ਹੋਣ ’ਤੇ ਵਾਹਨਾਂ ਦੇ ਚਲਾਨ ਕੱਟੇ ਗਏ, ਜਦਕਿ ਬਿਨਾਂ ਨੰਬਰ ਪਲੇਟਾਂ ਤੇ ਵੱਡੇ ਹੋਰਨ ਵਾਲੇ ਮੋਡੀਫਾਈ ਵਾਹਨਾਂ ਨੂੰ ਮੌਕੇ ’ਤੇ ਹੀ ਬੰਦ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਗਲੇ ਸਮੇਂ ’ਚ ਵੀ ਇਸੇ ਤਰ੍ਹਾਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਕੇ ਚੈਕਿੰਗ ਮੁਹਿੰਮ ਜਾਰੀ ਰਹੇਗੀ ਤੇ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਾਗਜ਼ਾਤ ਪੂਰੇ ਨਾ ਹੋਣ ਦੀ ਸੂਰਤ ’ਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਬ-ਇੰਸਪੈਕਟਰ ਖਹਿਰਾ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਜੇਕਰ ਨਾਬਾਲਿਗ ਵਾਹਨ ਚਲਾਉਂਦਾ ਹੋਇਆ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।