ਸੋਨੇ ਦੀ ਚੇਨ ਝਪਟ ਕੇ ਬਾਈਕ ਸਵਾਰ ਫ਼ਰਾਰ
ਸੋਨੇ ਦੀ ਚੈਨ ਝਪਟ ਕੇ ਬਾਈਕ ਸਵਾਰ ਚੋਰ ਫ਼ਰਾਰ
Publish Date: Mon, 20 Apr 2026 09:43 PM (IST)
Updated Date: Mon, 20 Apr 2026 09:45 PM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਲੱਲੀਆਂ ਕਲਾਂ ’ਚ ਅੱਜ ਸਵੇਰੇ ਕਰੀਬ 7 ਵਜੇ ਇਕ ਔਰਤ ਨਾਲ ਚੇਨ ਝਪਟ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਆਪਣੇ ਘਰ ’ਚ ਰੋਜ਼ਾਨਾ ਦੀ ਤਰ੍ਹਾਂ ਸਫਾਈ ਕਰ ਰਹੀ ਸੀ, ਜਦੋਂ ਬਾਹਰੋਂ ਅਣਪਛਾਤੇ ਨੇ ਘਰ ਦੇ ਗੇਟ ’ਤੇ ਇੱਟ ਮਾਰੀ ਗਈ। ਰੌਲਾ ਸੁਣ ਕੇ ਜਦੋਂ ਉਹ ਬਾਹਰ ਆਈ ਤਾਂ ਇਕ ਹੈਲਮਟ ਪਾਈ ਵਿਅਕਤੀ ਮੋਟਰਸਾਈਕਲ ’ਤੇ ਖੜ੍ਹਾ ਸੀ। ਪੀੜਤਾ ਵੱਲੋਂ ਪੁੱਛਣ ’ਤੇ ਕਿ ਇੱਟ ਕਿਸ ਨੇ ਮਾਰੀ ਹੈ ਤਾਂ ਉਕਤ ਵਿਅਕਤੀ ਨੇ ਅਚਾਨਕ ਨੇੜੇ ਆ ਕੇ ਗਲੇ ’ਚ ਪਾਈ ਸੋਨੇ ਦੀ ਚੇਨ ਝਪਟ ਲਈ ਤੇ ਮੌਕੇ ਤੋਂ ਫਰਾਰ ਹੋ ਗਿਆ। ਇਹ ਵਾਰਦਾਤ ਪਿੰਡ ਦੇ ਬੱਸ ਸਟੈਂਡ ਵੱਲ ਭੱਜਦੇ ਸਮੇਂ ਵਾਪਰੀ ਦੱਸੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਕੁਲਵਿੰਦਰ ਕੌਰ ਵੱਲੋਂ ਰੌਲਾ ਪਾਇਆ ਗਿਆ, ਜਿਸ ਨਾਲ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ 112 ਹੈਲਪਲਾਈਨ ਰਾਹੀਂ ਸੂਚਿਤ ਕੀਤਾ ਗਿਆ। ਪੀੜਤਾ ਅਨੁਸਾਰ ਚੇਨ ਕਰੀਬ ਇਕ ਤੋਲੇ ਦੀ ਸੀ, ਜਿਸ ਦੀ ਕੀਮਤ ਲਗਭਗ ਡੇਢ ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।