ਅਪਾਹਜ ਕੋਲੋਂ ਬਾਈਕ ਸਵਾਰ ਲੁਟੇਰਿਆਂ ਨੇ ਲੁੱਟਿਆ ਮੋਬਾਈਲ
ਜਾਸ, ਜਲੰਧਰ : ਥਾਣਾ
Publish Date: Tue, 10 Mar 2026 11:42 PM (IST)
Updated Date: Tue, 10 Mar 2026 11:45 PM (IST)
ਜਾਸ, ਜਲੰਧਰ : ਥਾਣਾ ਅੱਠ ਅਧੀਨ ਆਉਂਦੇ ਦੋਆਬਾ ਚੌਕ 'ਚ ਦੋ ਬਾਈਕ ਸਵਾਰ ਲੁਟੇਰੇ ਇਕ ਅਪਾਹਜ ਵਿਅਕਤੀ ਕੋਲੋਂ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦੌਰਾਨ ਪੀੜਤ ਨੇ ਰੌਲਾ ਵੀ ਮਚਾਇਆ ਪਰ ਬਾਈਕ ਦੀ ਤੇਜ਼ ਰਫਤਾਰ ਕਾਰਨ ਲੁਟੇਰੇ ਮੌਕੇ ਤੋਂ ਭੱਜਣ ’ਚ ਕਾਮਯਾਬ ਰਹੇ। ਭਗਤਪੁਰਾ ਦੇ ਨਿਵਾਸੀ ਮੁਖਤਿਆਰ ਚੰਦ ਨੇ ਲੁੱਟ ਦੀ ਸ਼ਿਕਾਇਤ ਥਾਣਾ ਅੱਠ ਦੀ ਪੁਲਿਸ ਨੂੰ ਦਿੱਤੀ।
ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੋਆਬਾ ਚੌਕ ਨੇੜੇ ਉਨ੍ਹਾਂ ਦੀ ਕਿਤਾਬਾਂ ਦੀ ਦੁਕਾਨ ਹੈ। ਮੰਗਲਵਾਰ ਦੁਪਹਿਰ ਕਰੀਬ ਢਾਈ ਵਜੇ ਘਰ ਜਾ ਰਹੇ ਸਨ। ਇਸ ਦੌਰਾਨ ਬਾਈਕ ’ਤੇ ਸਵਾਰ ਦੋ ਨੌਜਵਾਨ ਉਨ੍ਹਾਂ ਕੋਲ ਆਏ ਤੇ ਉਨ੍ਹਾਂ ਦੀ ਜੇਬ ’ਚੋਂ ਮੋਬਾਈਲ ਫੋਨ ਕੱਢ ਕੇ ਫਰਾਰ ਹੋ ਗਏ। ਮੁਖਤਿਆਰ ਚੰਦ ਨੇ ਦੱਸਿਆ ਕਿ ਲੁੱਟ ਦੌਰਾਨ ਉਨ੍ਹਾਂ ਨੇ ਰੌਲਾ ਪਾਇਆ ਪਰ ਬਾਈਕ ਦੀ ਰਫਤਾਰ ਜ਼ਿਆਦਾ ਹੋਣ ਕਾਰਨ ਲੁਟੇਰੇ ਭੱਜ ਗਏ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਅੱਠ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਅੱਠ ਦੇ ਇੰਚਾਰਜ ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਟੀਮ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।