ਬਿਹਾਰ ਤੋਂ ਮਹਾਰਾਸ਼ਟਰ ਲਿਜਾਏ ਜਾ ਰਹੇ ਸਨ 163 ਬੱਚੇ
ਮਨੁੱਖੀ ਤਸਕਰੀ ਦਾ ਸ਼ੱਕ,
Publish Date: Sun, 12 Apr 2026 09:22 PM (IST)
Updated Date: Sun, 12 Apr 2026 09:28 PM (IST)

ਮਨੁੱਖੀ ਤਸਕਰੀ ਦਾ ਸ਼ੱਕ, ਅੱਠ ਵਿਰੁੱਧ ਮਾਮਲਾ ਦਰਜ ਨਈ ਦੁਨੀਆ ਪ੍ਰਤੀਨਿਧੀ ਕਟਨੀ : ਪਟਨਾ-ਪੁਣੇ ਐਕਸਪ੍ਰੈੱਸ ਤੋਂ ਬਿਹਾਰ ਦੇ ਅਰਰੀਆ ਤੋਂ ਮਹਾਰਾਸ਼ਟਰ ਦੇ ਲਾਤੂਰ ਲਿਜਾਏ ਜਾ ਰਹੇ 163 ਮੁਸਲਿਮ ਬੱਚਿਆਂ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਤਹਿਤ ਸ਼ਨੀਵਾਰ ਦੇਰ ਰਾਤ ਕਟਨੀ ਰੇਲਵੇ ਸਟੇਸ਼ਨ ’ਤੇ ਉਤਾਰਿਆ ਗਿਆ। 80 ਬੱਚਿਆਂ ਨੂੰ ਰਾਤ ’ਚ ਜਬਲਪੁਰ ਦੇ ਬਾਲ ਸੁਰੱਖਿਆ ਗ੍ਰਹਿ ’ਚ ਠਹਿਰਾਇਆ ਗਿਆ ਹੈ। ਐਤਵਾਰ ਨੂੰ ਬਾਲ ਕਲਿਆਣ ਕਮੇਟੀ ਦੀ ਸ਼ਿਕਾਇਤ ’ਤੇ ਸਰਕਾਰੀ ਰੇਲਵੇ ਪੁਲਿਸ ਨੇ ਬੱਚਿਆਂ ਨੂੰ ਲੈ ਕੇ ਜਾ ਰਹੇ ਅੱਠ ਲੋਕਾਂ ਵਿਰੁੱਧ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਬਾਲ ਵਿਕਾਸ ਵਿਭਾਗ ਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੂੰ ਸਮਾਜਿਕ ਸੰਗਠਨ ਤੋਂ ਸੂਚਨਾ ਮਿਲੀ ਸੀ ਕਿ ਪਟਨਾ-ਪੁਣੇ ਐਕਸਪ੍ਰੈੱਸ ਤੋਂ ਵੱਡੀ ਗਿਣਤੀ ’ਚ 7 ਤੋਂ 15 ਸਾਲਾਂ ਦੇ ਬੱਚਿਆਂ ਨੂੰ ਲੈ ਕੇ ਕੁਝ ਲੋਕ ਮਹਾਰਾਸ਼ਟਰ ਜਾ ਰਹੇ ਸਨ। ਸਾਰੇ ਬੱਚਿਆਂ ਨੂੰ ਉਤਾਰ ਕੇ ਥਾਣੇ ’ਚ ਕੌਂਸਲਿੰਗ ਕੀਤੀ ਗਈ। ਮੁਸਲਿਮ ਭਾਈਚਾਰੇ ਦੇ ਅੱਠ ਲੋਕਾਂ ਤੋਂ ਰੇਲਵੇ ਪੁਲਿਸ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਨੇ ਮਦਰੱਸਿਆਂ ਦੇ ਦਸਤਾਵੇਜ਼ ਵੀ ਦਿਖਾਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਬੱਚੇ ਬਿਹਾਰ ਦੇ ਅਰਰੀਆ ਦੇ ਆਲੇ-ਦੁਆਲੇ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ਨਾਲ ਉਹ ਉਨ੍ਹਾਂ ਨੂੰ ਲਾਤੂਰ ਦੇ ਮਦਰੱਸੇ ’ਚ ਪੜਾਉਣ ਲਈ ਲਿਜਾ ਰਹੇ ਸਨ। ਕੁਝ ਬੱਚਿਆਂ ਨੂੰ ਪੁਣੇ ਤੇ ਕੁਝ ਨੂੰ ਕਰਨਾਟਕ ਭੇਜਿਆ ਜਾਣਾ ਸੀ, ਜਿਥੇ ਉਹ ਅਰਬੀ, ਉਰਦੂ ਦੇ ਨਾਲ ਹੋਰ ਵਿਸ਼ਿਆਂ ਦੀ ਪੜਾਈ ਕਰਦੇ।