ਸੂਰਿਆ ਐਨਕਲੇਵ ’ਚ ਦਿਨ-ਦਿਹਾੜੇ ਚੋਰੀ, ਤਿਜੋਰੀ ਖਾਲੀ ਕਰ ਕੇ ਚੋਰ ਫ਼ਰਾਰ
ਸੂਰਿਆ ਐਨਕਲੇਵ ’ਚ ਦਿਨ-ਦਿਹਾੜੇ ਵੱਡੀ ਚੋਰੀ
Publish Date: Tue, 03 Feb 2026 08:11 PM (IST)
Updated Date: Wed, 04 Feb 2026 04:11 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ’ਚ ਚੋਰੀਆਂ ਲਗਾਤਾਰ ਵੱਧ ਰਹੀਆਂ ਹਨ, ਤਾਜ਼ਾ ਘਟਨਾ ਜਲੰਧਰ ਦੇ ਸੂਰਿਆ ਐਨਕਲੇਵ ਖੇਤਰ ’ਚ ਵਾਪਰੀ ਹੈ, ਜਿੱਥੇ ਬੇਖੌਫ਼ ਚੋਰਾਂ ਨੇ ਦਿਨ-ਦਿਹਾੜੇ ਇਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਲੱਖਾਂ ਰੁਪਏ ਚੋਰੀ ਕਰ ਲਏ। ਉਹ ਸੋਨੇ-ਚਾਂਦੀ ਦੇ ਗਹਿਣੇ ਤੇ ਵੱਡੀ ਰਕਮ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪੀੜਤ ਜਸਬੀਰ ਸਿੰਘ, ਜੋ ਬੀਐੱਮਸੀ ਚੌਕ ਨੇੜੇ ਰੋਟੀ ਦੀ ਗੱਡੀ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ, ਦੁਪਹਿਰ ਨੂੰ ਆਪਣੀ ਦੁਕਾਨ ਤੇ ਸੀ। ਅਣਪਛਾਤੇ ਚੋਰ ਉਸ ਦੇ ਘਰ ’ਚ ਦਾਖ਼ਲ ਹੋਏ, ਤਿਜੋਰੀ ਨੂੰ ਨਿਸ਼ਾਨਾ ਬਣਾਇਆ ਤੇ ਕਿਸੇ ਹੋਰ ਚੀਜ਼ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੀਮਤੀ ਗਹਿਣੇ ਤੇ ਨਕਦੀ ਚੋਰੀ ਕਰ ਲਈ। ਘਰ ਵਾਪਸ ਆਉਣ ਤੇ ਜਸਬੀਰ ਸਿੰਘ ਨੇ ਦੇਖਿਆ ਕਿ ਤਿਜੋਰੀ ਖੁੱਲ੍ਹੀ ਸੀ। ਜਾਂਚ ਕਰਨ ਤੇ ਉਸ ਨੇ ਦੇਖਿਆ ਕਿ ਸੋਨੇ ਦੀਆਂ ਦੋ ਮੁੰਦਰੀਆਂ, ਇਕ ਸੋਨੇ ਦਾ ਸੈੱਟ, ਲਗਭਗ 7 ਤੋਂ 8 ਤੋਲੇ ਚਾਂਦੀ ਤੇ ਲਗਭਗ 70 ਤੋਂ 75 ਹਜ਼ਾਰ ਰੁਪਏ ਨਕਦੀ ਚੋਰੀ ਹੋ ਗਈ ਸੀ। ਪੀੜਤ ਦਾ ਕਹਿਣਾ ਹੈ ਕਿ ਉਸਨੂੰ ਸ਼ੱਕ ਹੈ ਕਿ ਇਹ ਅਪਰਾਧ ਕਿਸੇ ਅਜਿਹੇ ਵਿਅਕਤੀ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਉਹ ਜਾਣਦਾ ਸੀ, ਜੋ ਪਹਿਲਾਂ ਉਸ ਦੇ ਲਈ ਕੰਮ ਕਰਦਾ ਸੀ ਤੇ ਸ਼ੱਕੀ ਗਤੀਵਿਧੀਆਂ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰਾਮਾ ਮੰਡੀ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਚੋਰਾਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲ਼ਜਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।