ਹੈਰੋਇਨ ਸਮੇਤ ਤਿੰਨ ਜਣੇ ਗ੍ਰਿਫ਼ਤਾਰ
ਸੀਆਈਏ ਸਟਾਫ ਨੂੰ ਵੱਡੀ ਸਫਲਤਾ
Publish Date: Wed, 11 Mar 2026 09:48 PM (IST)
Updated Date: Wed, 11 Mar 2026 09:51 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸੀਆਈਏ ਸਟਾਫ ਨੂੰ ਇਕ ਵੱਡੀ ਸਫਲਤਾ ਮਿਲੀ ਜਦ ਪੁਲਿਸ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ ਬਰਾਮਦ ਕੀਤੀ। ਜਾਣਕਾਰੀ ਅਨੁਸਾਰ 8 ਮਾਰਚ ਨੂੰ ਸੀਆਈਏ ਸਟਾਫ ਜਲੰਧਰ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਇਕ ਪੁਲਿਸ ਟੀਮ ਜਮਸ਼ੇਰ ਦੇ ਗੰਦੇ ਨਾਲੇ ਤੋਂ ਅਰਬਨ ਅਸਟੇਟ ਫੇਜ਼ 2 ਨੂੰ ਜਾਂਦੀ ਸੜਕ ਤੇ ਚੈਕਿੰਗ ਕਰ ਰਹੀ ਸੀ। ਇਕ ਨੌਜਵਾਨ ਨੂੰ ਸ਼ੱਕੀ ਹਾਲਤ ’ਚ ਆਉਂਦੇ ਦੇਖਿਆ ਗਿਆ। ਜਦੋਂ ਪੁਲਿਸ ਨੇ ਉਸਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਸਮਾਈਲ ਵਾਸੀ ਪਿੰਡ ਸੁਭਾਨਾ, ਜਲੰਧਰ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁੱਧ ਥਾਣਾ ਡਿਵੀਜ਼ਨ ਨੰਬਰ 7, ਜਲੰਧਰ ’ਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਸਮਾਈਲ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਦੋ ਸਾਥੀਆਂ ਰਾਹੀਂ ਬਰਾਮਦ ਕੀਤੀ ਗਈ ਹੈਰੋਇਨ ਨੂੰ ਅੱਗੇ ਵੇਚਣ ਦੀ ਯੋਜਨਾ ਬਣਾ ਰਿਹਾ ਸੀ। ਇਸ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਸਦੇ ਦੋ ਹੋਰ ਸਾਥੀਆਂ ਡੈਨੀਅਲ ਵਾਸੀ ਪਿੰਡ ਸੁਭਾਨਾ ਤੇ ਲਵਪ੍ਰੀਤ ਵਾਸੀ ਪਿੰਡ ਸੁਭਾਨਾ, ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੀ ਗਈ 150 ਗ੍ਰਾਮ ਹੈਰੋਇਨ ’ਚੋਂ, 50 ਗ੍ਰਾਮ ਡੈਨੀਅਲ ਤੇ ਲਵਪ੍ਰੀਤ ਨੂੰ ਅੱਗੇ ਸਪਲਾਈ ਲਈ ਦਿੱਤੇ ਜਾਣੇ ਸਨ, ਜਦੋਂ ਕਿ ਸਮਾਈਲ ਇਸ ਤੋਂ ਮੁਨਾਫ਼ਾ ਕਮਾਉਣਦਾ ਸੀ। ਜਾਂਚ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੁਲਜ਼ਮ ਸਮਾਈਲ ਤੇ ਪਹਿਲਾਂ 21 ਅਕਤੂਬਰ, 2024 ਨੂੰ ਥਾਣਾ ਡਿਵੀਜ਼ਨ ਨੰਬਰ 7, ਜਲੰਧਰ ਵਿਖੇ ਆਈਪੀਸੀ, 2023 ਦੀ ਧਾਰਾ 137(2) ਤੇ 87 ਦੇ ਤਹਿਤ ਕੇਸ ਨੰਬਰ 119, ਮਿਤੀ 21 ਅਕਤੂਬਰ, 2024 ’ਚ ਦਰਜ ਕੀਤਾ ਗਿਆ ਸੀ। ਇਸ ਵੇਲੇ ਤਿੰਨੋਂ ਮੁਲਜ਼ਮਾਂ ਤੋਂ ਪੁਲਿਸ ਰਿਮਾਂਡ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਨੈੱਟਵਰਕ ਨਾਲ ਜੁੜੇ ਹੋਰ ਤਸਕਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵਿਰੁੱਧ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।