ਬੀਬੀ ਕਾਕੜ ਨੇ ਲੋੜਵੰਦ ਪਰਿਵਾਰ ਦੇ ਸਪੁਰਦ ਕੀਤਾ ਘਰ
ਬੀਬੀ ਕਾਕੜ ਨੇ ਲੋੜਵੰਦ ਪਰਿਵਾਰ ਦੇ ਸਪੁਰਦ ਕੀਤਾ ਘਰ
Publish Date: Thu, 08 Jan 2026 08:01 PM (IST)
Updated Date: Fri, 09 Jan 2026 04:10 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਸਾਬਕਾ ਇੰਚਾਰਜ ਮਰਹੂਮ ਰਤਨ ਸਿੰਘ ਕਾਕੜ ਕਲਾਂ ਭਾਵੇਂ ਅੱਜ ਸਰੀਰਕ ਤੌਰ ’ਤੇ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀ ਜਨ ਸੇਵਾ ਵਾਲੀ ਸੋਚ ਅੱਜ ਵੀ ਜਿਉਂਦੀ ਹੈ। ਇਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਉਨ੍ਹਾਂ ਦੀ ਧਰਮ ਪਤਨੀ ਤੇ ਪੰਜਾਬ ਇਨਫੋਟੈੱਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਨੇ ਪਿੰਡ ਕਾਕੜ ਕਲਾਂ ਵਿਖੇ ਇਕ ਲੋੜਵੰਦ ਪਰਿਵਾਰ ਨੂੰ 11 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਮਕਾਨ ਬਣਾ ਕੇ ਦਿੱਤਾ। ਸਵ. ਰਤਨ ਸਿੰਘ ਨੇ ਪਿੰਡ ਕਾਕੜ ਕਲਾਂ ਦੇ ਵਾਸੀ ਬਲਕਾਰ ਸਿੰਘ ਦੀ ਪਤਨੀ ਆਸ਼ਾ ਰਾਣੀ ਦੇ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਇਸ ਵਾਅਦੇ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਬੀਬੀ ਰਣਜੀਤ ਕੌਰ ਕਾਕੜ ਨੇ ਆਪਣੇ ਮੋਢਿਆਂ ‘ਤੇ ਚੁੱਕੀ। ਉਨ੍ਹਾਂ ਕਰੀਬ 11 ਲੱਖ ਰੁਪਏ ਦੀ ਲਾਗਤ ਨਾਲ ਇਸ ਪਰਿਵਾਰ ਲਈ ਇਕ ਵਧੀਆ ਮਕਾਨ ਤਿਆਰ ਕਰਵਾਇਆ ਤੇ ਅੱਜ ਘਰ ਦੀਆਂ ਚਾਬੀਆਂ ਆਸ਼ਾ ਰਾਣੀ ਦੇ ਸਪੁਰਦ ਕੀਤੀਆਂ। ਇਸ ਮੌਕੇ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਸਰਦਾਰ ਰਤਨ ਸਿੰਘ ਦਾ ਸੁਪਨਾ ਸੀ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਕਰਨ। ਹੁਣ ਉਨ੍ਹਾਂ ਦੇ ਅਧੂਰੇ ਕਾਜ ਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਉਹ ਵਚਨਬੱਧ ਹਨ। ਆਸ਼ਾ ਰਾਣੀ ਨੇ ਬੀਬੀ ਕਾਕੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਕੜ ਕਲਾਂ ਪਰਿਵਾਰ ਨੇ ਉਨ੍ਹਾਂ ਦੇ ਸਿਰ ’ਤੇ ਛੱਤ ਪਾ ਕੇ ਜੋ ਉਪਕਾਰ ਕੀਤਾ ਹੈ, ਉਹ ਸਾਰੀ ਉਮਰ ਨਹੀਂ ਭੁੱਲ ਸਕਦੇ। ਇਸ ਮੌਕੇ ਮਨਦੀਪ ਸਿੰਘ ਝੀਤਾ ਪੀਏ, ਲਛਮਣ ਸਿੰਘ ਪੂਨੀਆਂ ਆਦਿ ਵੀ ਹਾਜ਼ਰ ਸਨ।