20 ਤੋਂ ਜਲੰਧਰ ’ਚ ਹੋਵੇਗਾ ਭੁਲੱਥ ਹਾਕੀ ਕੱਪ
ਭੁਲੱਥ ਹਾਕੀ ਕੱਪ 20 ਮਾਰਚ ਤੋਂ 22 ਮਾਰਚ ਤੱਕ ਜਲੰਧਰ ’ਚ ਹੋਵੇਗਾ
Publish Date: Wed, 18 Mar 2026 08:12 PM (IST)
Updated Date: Wed, 18 Mar 2026 08:16 PM (IST)

-ਦੇਸ਼ ਦੀਆਂ ਨਾਮੀ ਹਾਕੀ ਟੀਮਾਂ ਇਸ ਟੂਰਨਾਮੈਂਟ ’ਚ ਭਾਗ ਲੈਣਗੀਆਂ -ਦੇਸ਼ ਦਾ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲਾ ਹਾਕੀ ਟੂਰਨਾਮੈਂਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭੁਲੱਥ ਹਾਕੀ ਕੱਪ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ 20 ਮਾਰਚ ਤੋਂ 22 ਮਾਰਚ 2026 ਤੱਕ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਹਾਕੀ ਕੱਪ ਦੇ ਮੁੱਖ ਪ੍ਰਬੰਧਕ ਮੋਹਨਬੀਰ ਬੱਲ (ਬੱਲ ਇਨਕਾਰਪੋਰੇਸ਼ਨ ਆਸਟਰੇਲੀਆ), ਗੁਰਜੀਤ ਸਿੰਘ ਪੱਟੀ (ਆਸਟਰੇਲੀਆ), ਪਰਮਿੰਦਰ ਸੰਧੂ ਤੇ ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ ਨੇ ਦੱਸਿਆ ਕਿ ਇਹ ਟੂਰਨਾਮੈਂਟ ਹਾਕੀ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਹਾਕੀ ਇੰਡੀਆ ਵੱਲੋਂ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ’ਚ ਮਰਦਾਂ ਦੇ ਵਰਗ ’ਚ ਦੇਸ਼ ਦੀਆਂ 8 ਨਾਮੀ ਹਾਕੀ ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਨ੍ਹਾਂ ’ਚ ਭਾਰਤੀ ਨੇਵੀ ਮੁੰਬਈ, ਕੈਗ ਦਿੱਲੀ, ਇੰਡੀਅਨ ਆਰਮੀ ਰੈਡ ਨਵੀਂ ਦਿੱਲੀ, ਪੰਜਾਬ ਪੁਲਿਸ ਜਲੰਧਰ, ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ, ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ, ਭਾਰਤੀ ਏਅਰ ਫੋਰਸ ਤੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਦੀਆਂ ਟੀਮਾਂ ਭਾਗ ਲੈਣਗੀਆਂ। ਇਹ ਟੂਰਨਾਮੈਂਟ ਨਾਕ ਆਊਠ ਦੇ ਆਧਾਰ ’ਤੇ ਖੇਡਿਆ ਜਾਵੇਗਾ। ਮਰਦਾਂ ਦੇ ਵਰਗ ਦੀ ਜੇਤੂ ਟੀਮ ਨੂੰ 15 ਲੱਖ ਰੁਪਏ ਦਾ ਨਕਦ ਇਨਾਮ (ਜੋ ਕਿ ਦੇਸ਼ ’ਚ ਹੋਣ ਵਾਲੈ ਹਾਕੀ ਟੂਰਨਾਮੈਂਟਾਂ ਦਾ ਸਭ ਤੋਂ ਵੱਡਾ ਨਕਦ ਇਨਾਮ ਹੈ), ਉਪ ਜੇਤੂ ਟੀਮ ਨੂੰ 10 ਲੱਖ ਰੁਪਏ ਨਕਦ, ਤੀਜੇ ਸਥਾਨ ਵਾਲੀ ਟੀਮ ਨੂੰ 5 ਲੱਖ ਰੁਪਏ ਨਕਦ ਦਿੱਤੇ ਜਾਣਗੇ। ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਨੂੰ ਤਿੰਨ ਲੱਖ ਰੁਪਏ ਨਕਦ ਤੇ ਫਾਈਨਲ ਮੈਚ ਦੇ ਸਰਬੋਤਮ ਖਿਡਾਰੀ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ਨਾਲ ਸਨਮਾਨਿਆ ਜਾਵੇਗਾ। ਔਰਤਾਂ ਦੇ ਵਰਗ ’ਚ ਕੁਲ ਚਾਰ ਟੀਮਾਂ ਹਿੱਸਾ ਲੈਣਗੀਆਂ। ਜਿਨ੍ਹਾਂ ’ਚ ਸੀਆਰਪੀਐੱਫ ਜਲੰਧਰ, ਬੀਐੱਸਐੱਫ ਜਲੰਧਰ, ਰਾਊਂਡ ਗਲਾਸ ਸਪੋਰਟਸ ਮੋਹਾਲੀ ਤੇ ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੀਆਂ ਟੀਮਾਂ ਭਾਗ ਲੈਣਗੀਆਂ। ਔਰਤਾਂ ਦੇ ਵਰਗ ਦੀ ਜੇਤੂ ਟੀਮ ਨੂੰ 5 ਲੱਖ ਰੁਪਏ, ਉਪ ਜੇਤੂ ਨੂੰ 2 ਲੱਖ ਰੁਪਏ, ਤੀਜੇ ਤੇ ਚੌਥੇ ਸਥਾਨ ਵਾਲੀ ਟੀਮ ਨੂੰ 50-50 ਹਜ਼ਾਰ ਰੁਪਏ ਨਕਦ ਦਿੱਤੇ ਜਾਣਗੇ। ਉਲੰਪਿਕ ਖੇਡਾਂ ’ਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਬੁਲੇਟ ਮੋਟਰਸਾਈਕਲਾਂ ਨਾਲ ਸਨਮਾਨਿਆ ਜਾਵੇਗਾ ਜਦਕਿ 2001 ਦੇ ਜੂਨੀਅਰ ਵਿਸ਼ਵ ਕੱਪ ਜੇਤੁਆਂ ਨੂੰ ਸੋਨੇ ਦੇ ਸਿੱਕਿਆਂ ਨਾਲ ਸਨਮਾਨਿਆ ਜਾਵੇਗਾ।