ਲਾਪਰਵਾਹੀ ਕਾਰਨ ਲੱਖਾਂ ਨੁਕਸਾਨ ਝੱਲ ਰਿਹੈ ਨਗਰ ਕੌਂਸਲ ਭੋਗਪੁਰ
ਸਰਕਾਰੀ ਲਾਪਰਵਾਹੀ ਕਾਰਨ ਨਗਰ ਕੌਂਸਲ ਭੋਗਪੁਰ ਨੂੰ ਹਰ ਸਾਲ ਲੱਖਾਂ ਦਾ ਨੁਕਸਾਨ
Publish Date: Wed, 25 Mar 2026 09:56 PM (IST)
Updated Date: Wed, 25 Mar 2026 09:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਨਗਰ ਕੌਂਸਲ ਭੋਗਪੁਰ ਨੂੰ ਹਰ ਸਾਲ ਲੱਖਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਡੱਲੀ ਸਥਿਤ ਖੇਡ ਸਟੇਡੀਅਮ ਦੇ ਨੇੜੇ ਲਗਭਗ 14 ਕਿਲ੍ਹੇ ਜ਼ਮੀਨ ਨਗਰ ਕੌਂਸਲ ਅਧੀਨ ਹੈ, ਜਿਸ ਨੂੰ ਠੇਕੇ ’ਤੇ ਦੇ ਕੇ ਕੌਂਸਲ ਨੂੰ ਵਧੀਆ ਆਮਦਨ ਹੁੰਦੀ ਰਹੀ ਹੈ। ਪਿਛਲੀ ਵਾਰ ਇਹ ਜ਼ਮੀਨ ਕਰੀਬ 37 ਹਜ਼ਾਰ ਰੁਪਏ ਪ੍ਰਤੀ ਕਿਲ੍ਹਾ ਦੇ ਹਿਸਾਬ ਨਾਲ ਠੇਕੇ ’ਤੇ ਦਿੱਤੀ ਗਈ ਸੀ, ਜਿਸ ਨਾਲ ਕੌਂਸਲ ਨੂੰ ਸਾਲਾਨਾ 5 ਲੱਖ ਰੁਪਏ ਤੋਂ ਵੱਧ ਦੀ ਆਮਦਨ ਹੋਈ ਸੀ ਪਰ ਪਿਛਲੇ ਕੁਝ ਸਮੇਂ ਤੋਂ ਇਹ ਜ਼ਮੀਨ ਠੇਕੇ ’ਤੇ ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਆਮਦਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਸੂਤਰਾਂ ਮੁਤਾਬਕ ਜੇ ਹੁਣ ਦੁਬਾਰਾ ਬੋਲੀ ਕਰਵਾਈ ਜਾਵੇ ਤਾਂ ਇਹ ਦਰ 50 ਹਜ਼ਾਰ ਰੁਪਏ ਪ੍ਰਤੀ ਕਿਲ੍ਹਾ ਤੱਕ ਪੁੱਜ ਸਕਦੀ ਹੈ। ਇਸ ਦੇ ਬਾਵਜੂਦ ਇਸ ਦਿਸ਼ਾ ’ਚ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਨਗਰ ਕੌਂਸਲ ਦੇ ਪ੍ਰਧਾਨ ਰਾਜ ਕੁਮਾਰ ਰਾਜ ਨੇ ਦੱਸਿਆ ਕਿ ਜ਼ਮੀਨ ਦੀ ਬੋਲੀ ਕਰਵਾਉਣ ਲਈ ਮਨਜ਼ੂਰੀ ਮੰਗੀ ਗਈ ਸੀ ਪਰ ਡਿਪਟੀ ਡਾਇਰੈਕਟਰ ਵੱਲੋਂ ਹਾਲੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ। ਇਸ ਸਬੰਧੀ ਪ੍ਰਸਤਾਵ ਵੀ ਸਬੰਧਤ ਅਧਿਕਾਰੀਆਂ ਨੂੰ ਭੇਜਿਆ ਜਾ ਚੁੱਕਾ ਹੈ। ਸਥਾਨਕ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਠੇਕਾ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਤਾਂ ਜੋ ਹੋ ਰਹੇ ਆਰਥਿਕ ਨੁਕਸਾਨ ਨੂੰ ਰੋਕਿਆ ਜਾ ਸਕੇ।