ਭੋਗਪੁਰ ਨਗਰ ਕੌਂਸਲ 33 ਸਾਲਾਂ ’ਚ ਵੀ ਨਹੀਂ ਬਣਾ ਸਕੀ ਢੰਗ ਦਾ ਪਾਰਕ
ਭੋਗਪੁਰ ਨਗਰ ਕੌਂਸਲ 33 ਸਾਲਾਂ ’ਚ ਵੀ ਨਹੀਂ ਬਣਾ ਸਕੀ ਢੰਗ ਦਾ ਪਾਰਕ
Publish Date: Fri, 10 Apr 2026 10:16 PM (IST)
Updated Date: Fri, 10 Apr 2026 10:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੋਗਪੁਰ : ਸਾਲ 1993 ’ਚ ਨਗਰ ਪੰਚਾਇਤ ਤੋਂ ਨਗਰ ਕੌਂਸਲ ਬਣੇ ਭੋਗਪੁਰ ’ਚ ਲਗਭਗ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਲੋਕਾਂ ਨੂੰ ਇਕ ਢੰਗ ਦਾ ਪਾਰਕ ਉਪਲੱਬਧ ਨਹੀਂ ਹੋ ਸਕਿਆ। ਵਿਕਾਸ ਦੇ ਵੱਡੇ ਦਾਵਿਆਂ ਦੇ ਬਾਵਜੂਦ ਸ਼ਹਿਰ ’ਚ ਨਾ ਤਾਂ ਸੈਰ ਲਈ ਕੋਈ ਸੁਚੱਜੀ ਥਾਂ ਹੈ ਤੇ ਨਾ ਹੀ ਬੱਚਿਆਂ ਲਈ ਖੇਡਣ ਦੀ ਉਚਿਤ ਸਹੂਲਤ। ਨਗਰ ਕੌਂਸਲ ਵੱਲੋਂ ਵਾਰਡ ਨੰਬਰ 4 ’ਚ ਸ਼ੂਗਰ ਮਿੱਲ ਦੇ ਸਾਹਮਣੇ ਪਾਰਕ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। ਉੱਥੇ ਨਾ ਹਰਿਆਲੀ ਹੈ, ਨਾ ਬੈਂਚਾਂ ਦੀ ਸਹੂਲਤ ਤੇ ਨਾ ਹੀ ਰੋਸ਼ਨੀ ਦਾ ਪ੍ਰਬੰਧ। ਹਾਲਾਤ ਇਹ ਹਨ ਕਿ ਉੱਥੇ ਖੜ੍ਹਾ ਹੋਣਾ ਵੀ ਮੁਸ਼ਕਲ ਹੈ। ਪਾਰਕ ਲਈ ਛੱਡੀ ਗਈ ਜਗ੍ਹਾ ’ਚ ਭੰਗ ਤੇ ਜੰਗਲੀ ਘਾਹ ਉੱਗਿਆ ਹੋਇਆ ਹੈ ਤੇ ਸਫਾਈ ਦੀ ਵੀ ਕੋਈ ਵਿਵਸਥਾ ਨਹੀਂ ਹੈ। ਇਸ ਤੋਂ ਇਲਾਵਾ ਮੋਗਾ ਰੋਡ ਸਥਿਤ ਪੈਟਰੋਲ ਪੰਪ ਨੇੜੇ ਵੀ ਪਾਰਕ ਲਈ ਜਗ੍ਹਾ ਨਿਰਧਾਰਤ ਕੀਤੀ ਗਈ ਸੀ ਪਰ ਉਸਨੂੰ ਭਰ ਦਿੱਤੇ ਜਾਣ ਦੇ ਬਾਵਜੂਦ ਅਜੇ ਤੱਕ ਉੱਥੇ ਪਾਰਕ ਵਿਕਸਿਤ ਨਹੀਂ ਕੀਤਾ ਜਾ ਸਕਿਆ। ਇਹ ਦੋਵੇਂ ਉਦਾਹਰਨਾਂ ਨਗਰ ਕੌਂਸਲ ਦੀ ਲਾਪਰਵਾਹੀ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦੀਆਂ ਹਨ। ਹਾਲਾਂਕਿ ਡੱਲੇ ਇਲਾਕੇ ’ਚ ਇਕ ਸਟੇਡੀਅਮ ਮੌਜੂਦ ਹੈ ਪਰ ਸ਼ਹਿਰ ਤੋਂ ਦੂਰ ਹੋਣ ਕਰਕੇ ਇਹ ਹਰ ਕਿਸੇ ਲਈ ਸੁਗਮ ਨਹੀਂ ਹੈ। ਇਸ ਕਾਰਨ ਸ਼ਹਿਰ ਅੰਦਰ ਰਹਿਣ ਵਾਲੇ ਲੋਕਾਂ ਲਈ ਕੋਈ ਨੇੜਲਾ ਪਾਰਕ ਜਾਂ ਸੈਰਗਾਹ ਉਪਲੱਬਧ ਨਹੀਂ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ’ਚ ਜਦੋਂ ਹਰ ਛੋਟੇ-ਵੱਡੇ ਸ਼ਹਿਰ ’ਚ ਪਾਰਕ ਇਕ ਬੁਨਿਆਦੀ ਲੋੜ ਬਣ ਚੁੱਕੇ ਹਨ, ਭੋਗਪੁਰ ’ਚ ਇਸ ਦੀ ਕਮੀ ਨਗਰ ਕੌਂਸਲ ਦੀ ਅਣਦੇਖੀ ਨੂੰ ਦਰਸਾਉਂਦੀ ਹੈ। ਲੋਕਾਂ ਨੂੰ ਸ਼ਾਮ ਦੀ ਸੈਰ ਲਈ ਅਕਸਰ ਰੇਲਵੇ ਸਟੇਸ਼ਨ ਵੱਲ ਜਾਣਾ ਪੈਂਦਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਵਾਰਡ ਨੰਬਰ 4 ਵਾਲੇ ਪਾਰਕ ਦੀ ਮੁਰੰਮਤ ਕਰਕੇ ਉਸਨੂੰ ਸੁਧਾਰਿਆ ਜਾਵੇਗਾ ਤੇ ਜੇਕਰ ਨਵੇਂ ਪਾਰਕ ਦੀ ਮੰਗ ਆਈ ਤਾਂ ਉਸ ’ਤੇ ਕੌਂਸਲ ਮੀਟਿੰਗ ’ਚ ਵਿਚਾਰ ਕੀਤਾ ਜਾਵੇਗਾ।