ਵੱਡੇ ਪੱਧਰ ’ਤੇ ਮਨਾਇਆ ਜਾਵੇਗਾ ਡਾ. ਅੰਬੇਡਕਰ ਜਨਮ ਉਤਸਵ : ਭਾਰਤਵਾਜ
ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਉਤਸਵ ਮੁੱਖ ਸਮਾਗਮ 14 ਅਪ੍ਰੈਲ ਨੂੰ ਮਨਾਇਆ ਜਾਵੇਗਾ - ਭਾਰਤਵਾਜ
Publish Date: Mon, 23 Mar 2026 08:18 PM (IST)
Updated Date: Mon, 23 Mar 2026 08:22 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਮੀਟਿੰਗ ਬਾਅਦ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਬੀਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਉਤਸਵ ਮੁੱਖ ਸਮਾਗਮ ਬਾਬਾ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਤਿਹਾਸਿਕ ਭੂਮੀ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ਵਿਖੇ ਵਿਸ਼ਾਲ ਪੱਧਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਬਾਬਾ ਸਾਹਿਬ ਡਾ. ਅੰਬੇਡਕਰ ਇਸੇ ਜਗ੍ਹਾ 27 ਅਕਤੂਬਰ, 1951 ਨੂੰ ਪਧਾਰੇ ਸਨ ਤੇ ਉਨ੍ਹਾਂ ਨੇ ਲੱਖਾਂ ਲੋਕਾਂ ਨੂੰ ਰੈਲੀਆਂ ’ਚ ਸੰਬੋਧਨ ਕੀਤਾ ਸੀ। ਬੜੇ ਮਾਣ ਦੀ ਦੀ ਗੱਲ ਹੈ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਪਿਛਲੇ 50 ਸਾਲ ਤੋਂ ਬਾਬਾ ਸਾਹਿਬ ਡਾ.ਅੰਬੇਡਕਰ ਦਾ ਜਨਮ ਉਤਸਵ ਇਸ ਇਤਿਹਾਸਿਕ ਸਥਾਨ ’ਤੇ ਮਨਾਉਂਦੀ ਆ ਰਹੀ ਹੈ। ਬਲਦੇਵ ਭਾਰਦਵਾਜ ਨੇ ਕਿਹਾ ਕਿ ਪ੍ਰਮੁੱਖ ਵਿਦਵਾਨ ਬਾਬਾ ਸਾਹਿਬ ਦੇ ਮਿਸ਼ਨ ਤੇ ਅੱਜ ਦੇ ਹਾਲਾਤ ਸਬੰਧੀ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸਮਾਗਮ ਮੌਕੇ ਬੁੱਕ ਸਟਾਲਾਂ ਤੋਂ ਬਾਬਾ ਸਾਹਿਬ ਦਾ ਸਾਹਿਤ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਚਰਨ ਦਾਸ ਸੰਧੂ, ਪਰਮਿੰਦਰ ਸਿੰਘ ਖੁੱਤਣ, ਤਿਲਕ ਰਾਜ, ਬਲਦੇਵ ਰਾਜ ਜੱਸਲ, ਜਸਵਿੰਦਰ ਵਰਿਆਣਾ, ਪਰਮਜੀਤ ਜੱਸਲ, ਸੂਰਜ ਬਿਰਦੀ, ਸੰਨੀ ਥਾਪਰ, ਡਾ. ਮਹਿੰਦਰ ਸੰਧੂ ਤੇ ਸਤਨਾਮ ਸਿੰਘ ਬਧਾਵਨ ਤੇ ਹੋਰ ਹਾਜ਼ਰ ਸਨ।