ਭਾਈ ਹਵਾਰਾ ਦੀ ਮਾਤਾ ਦਾ ਭਾਈ ਪਾਲ ਸਿੰਘ ਨੇ ਜਾਣਿਆ ਹਾਲ
ਬੰਦੀ ਸਿੰਘਾਂ ਦੀ ਰਿਹਾਈ
Publish Date: Fri, 20 Mar 2026 09:01 PM (IST)
Updated Date: Fri, 20 Mar 2026 09:04 PM (IST)
ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ਖਿਲਾਫ਼ ਸਖ਼ਤ ਰੋਸ ਤੇ ਇਕਜੁੱਟਤਾ ਦਾ ਦਿੱਤਾ ਸੱਦਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਨਰਿੰਦਰ ਕੌਰ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਕਾਫੀ ਨਾਸਾਜ਼ ਚੱਲ ਰਹੀ ਹੈ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ। ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਤੇ ਨੰਬਰਦਾਰ ਗੁਰਮੁਖ ਸਿੰਘ ਬਦੇਸ਼ਾ ਵੱਲੋਂ ਹਸਪਤਾਲ ਪਹੁੰਚ ਕੇ ਮਾਤਾ ਨਰਿੰਦਰ ਕੌਰ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕੀਤੀ।
ਗੱਲਬਾਤ ਕਰਦਿਆਂ ਭਾਈ ਪਾਲ ਸਿੰਘ ਫਰਾਂਸ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਅੜੀਅਲ ਅਤੇ ਪੱਖਪਾਤੀ ਰਵੱਈਏ ‘ਤੇ ਸਖ਼ਤ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਹ ਭਾਰਤੀ ਲੋਕਤੰਤਰ ਅਤੇ ਨਿਆਂ ਪ੍ਰਣਾਲੀ ਦੇ ਮੱਥੇ ’ਤੇ ਬਹੁਤ ਵੱਡਾ ਕਲੰਕ ਹੈ। ਇੱਕ ਪਾਸੇ ਸੰਗੀਨ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਪਰ ਦੂਜੇ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿੰਘ, ਜੋ ਆਪਣੇ ਜੀਵਨ ਦੇ 3 ਦਹਾਕੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਗੁਜ਼ਾਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਅੱਜ ਜਦੋਂ ਇੱਕ ਬਜ਼ੁਰਗ ਮਾਂ ਹਸਪਤਾਲ ਦੇ ਬਿਸਤਰੇ ’ਤੇ ਆਪਣੇ ਪੁੱਤਰ ਨੂੰ ਦੇਖਣ ਲਈ ਤਰਸ ਰਹੀ ਹੈ ਤਾਂ ਸਰਕਾਰਾਂ ਦਾ ਮਨੁੱਖੀ ਅਧਿਕਾਰਾਂ ਪ੍ਰਤੀ ਇਹ ਅੰਨ੍ਹਾਪਣ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਿੱਖ ਕੌਮ ਆਪਸੀ ਮੱਤਭੇਦ ਭੁਲਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਸਾਂਝੇ ਮੰਚ ‘ਤੇ ਇਕੱਠੀ ਹੋਵੇ। ਉਨ੍ਹਾਂ ਮੰਗ ਕੀਤੀ ਕਿ ਮਨੁੱਖੀ ਹਮਦਰਦੀ ਦੇ ਆਧਾਰ ‘ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਜਾਂ ਘੱਟੋ-ਘੱਟ ਉਨ੍ਹਾਂ ਨੂੰ ਆਪਣੀ ਬਿਮਾਰ ਮਾਤਾ ਦੀ ਦੇਖ-ਭਾਲ ਕਰਨ ਲਈ ਪੈਰੋਲ ਦਿੱਤੀ ਜਾਵੇ।