ਸੀਐੱਮ ਦੀ ਟਿੱਪਣੀ ਨਿੰਦਣਯੋਗ : ਲੇਸੜੀਵਾਲ
ਭਗਵੰਤ ਮਾਨ ਦੀ ਟਿੱਪਣੀ ਨਾਲ ਡੇਰਾ ਬਿਆਸ ਦੇ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਆਹਤ ਹੋਈਆਂ : ਧਰਮਪਾਲ ਲੇਸੜੀਵਾਲ
Publish Date: Fri, 06 Feb 2026 06:18 PM (IST)
Updated Date: Fri, 06 Feb 2026 06:20 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸ਼੍ਰੋਮਣੀ ਅਕਾਲੀ ਦਲ (ਬਾਦਲ) ਐੱਸਸੀ ਵਿੰਗ ਜਲੰਧਰ ਦਿਹਾਤੀ ਹਲਕੇ ਦੇ ਪ੍ਰਧਾਨ ਧਰਮਪਾਲ ਲੇਸੜੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਦਿੱਤੀ ਟਿੱਪਣੀ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਡੇਰਾ ਬਿਆਸ ਮੁਖੀ ਵੱਲੋਂ ਬਿਕਰਮ ਸਿੰਘ ਮਜੀਠੀਆ ਨਾਲ ਜੇਲ੍ਹ ’ਚ ਕੀਤੀ ਮੁਲਾਕਾਤ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਵਿਅੰਗ ਕਸਣਾ ਬਹੁਤ ਹੀ ਅਤਿ ਨਿੰਦਣਯੋਗ ਹੈ। ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਨਾ ਸਿਰਫ਼ ਗੈਰ-ਜ਼ਿੰਮੇਵਾਰਾਨਾ ਹੈ, ਸਗੋਂ ਇਸ ਨਾਲ ਕਰੋੜਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਡੇਰਾ ਬਿਆਸ ਹਮੇਸ਼ਾਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਆਇਆ ਹੈ ਤੇ ਮਾਨਵਤਾ ਦੀ ਭਲਾਈ ਲਈ ਕੰਮ ਕਰਦਾ ਹੈ। ਅਜਿਹੇ ’ਚ ਡੇਰਾ ਮੁਖੀ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਬਿਲਕੁਲ ਬਰਦਾਸ਼ਤਯੋਗ ਹੈ। ਉਨ੍ਹਾਂ ਆਖਿਆ ਕਿ ਇਸ ਬਿਆਨ ਨਾਲ ਡੇਰਾ ਬਿਆਸ ਨੂੰ ਮੰਨਣ ਵਾਲੇ ਕਰੋੜਾਂ ਸ਼ਰਧਾਲੂਆਂ ਦੇ ਹਿਰਦੇ ਵਲੂੰਦਰੇ ਗਏ ਹਨ ਤੇ ਇਸ ਲਈ ਮੁੱਖ ਮੰਤਰੀ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਇਸ ਬਿਆਨ ਦਾ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਦੇਵੇਗੀ। ਭਗਵੰਤ ਮਾਨ ਸਰਕਾਰ ਬੁਖਲਾਟ ਦਾ ਸ਼ਿਕਾਰ ਹੋ ਚੁੱਕੀ ਹੈ, ਜਿਸ ਕਾਰਨ ਕਦੇ ਧਾਰਮਿਕ ਅਸਥਾਨਾਂ ਤੇ ਕਦੇ ਧਾਰਮਿਕ ਮੁਖੀਆਂ ਬਾਰੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ।