ਲੜਕੀਆਂ ਦੇ ਵਰਗ ’ਚ ਬਠਿੰਡਾ ਤੇ ਮੁਕਤਸਰ ਸਾਹਿਬ ਫਾਈਨਲ ’ਚ
ਲੜਕੀਆਂ ਦੇ ਵਰਗ ’ਚ ਬਠਿੰਡਾ ਤੇ ਮੁਕਤਸਰ ਸਾਹਿਬ ਫਾਇਨਲ ’ਚ
Publish Date: Fri, 10 Apr 2026 06:51 PM (IST)
Updated Date: Fri, 10 Apr 2026 06:53 PM (IST)
-ਜਲੰਧਰ, ਗੁਰਦਾਸਪੁਰ, ਮੋਹਾਲੀ ਤੇ ਫਾਜ਼ਿਲਕਾ ਲੜਕਿਆਂ ਦੇ ਵਰਗ ਦੇ ਸੈਮੀਫਾਈਨਲ ’ਚ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਲੜਕੀਆਂ ਦੀਆਂ ਟੀਮਾਂ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ (ਜੂਨੀਅਰ ਲੜਕੇ ਤੇ ਲੜਕੀਆਂ) ਦੇ ਫਾਇਨਲ ’ਚ ਪੁੱਜ ਗਈਆਂ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਰਾਊਂਡ ਗਲਾਸ ਸਪੋਰਟਸ ਦੀ ਮਦਦ ਨਾਲ ਚੱਲ ਰਹੀ ਇਸ ਚੈਂਪੀਅਨਸ਼ਿਪ ’ਚ ਲੜਕਿਆਂ ਦੇ ਵਰਗ ’ਚ ਜਲੰਧਰ, ਗੁਰਦਾਸਪੁਰ, ਮੋਹਾਲੀ ਤੇ ਫਾਜ਼ਿਲਕਾ ਦੀਆਂ ਟੀਮਾਂ ਸੈਮੀਫਾਇਨਲ ’ਚ ਪੁੱਜ ਗਈਆਂ। ਅੱਜ ਖੇਡੇ ਗਏ ਲੜਕੀਆਂ ਦੇ ਵਰਗ ਦੇ ਸੈਮੀਫਾਈਨਲ ਮੁਕਾਬਲਿਆਂ ’ਚ ਬਠਿੰਡਾ ਨੇ ਮੋਹਾਲੀ ਨੂੰ 2-0 ਨਾਲ ਤੇ ਸ੍ਰੀ ਮੁਕਤਸਰ ਸਾਹਿਬ ਨੇ ਜਲੰਧਰ ਨੂੰ 2-1 ਨਾਲ ਹਰਾ ਕੇ ਫਾਇਨਲ ’ਚ ਜਗ੍ਹਾ ਬਣਾਈ। ਜਦਕਿ ਲੜਕਿਆਂ ਦੇ ਵਰਗ ਦੇ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲਿਆਂ ’ਚ ਜਲੰਧਰ ਨੇ ਪਟਿਆਲਾ ਨੂੰ 7-2 ਨਾਲ, ਫਾਜ਼ਿਲਕਾ ਨੇ ਮੋਗਾ ਨੂੰ 2-1 ਨਾਲ, ਗੁਰਦਾਸਪੁਰ ਨੇ ਬਠਿੰਡਾ ਨੂੰ 1-0 ਨਾਲ ਤੇ ਮੋਹਾਲੀ ਨੇ ਲੁਧਿਆਣਾ ਨੂੰ ਨਿਰਧਾਰਤ ਸਮੇਂ ’ਚ 2-2 ਦੀ ਬਰਾਬਰੀ ਤੇ ਰਹਿਣ ਤੋਂ ਬਾਅਦ ਪੈਨੇਲਟੀ ਸ਼ੂਟ ਆਊਟ ਰਾਹੀਂ 5-3 ਨਾਲ ਹਰਾ ਕੇ ਸੈਮੀਫਾਈਨਲ ’ਚ ਸਥਾਨ ਬਣਾਇਆ। ਲੜਕੀਆਂ ਦੇ ਵਰਗ ਦੇ ਫਾਈਨਲ ਮੁਕਾਬਲਾ 11 ਅਪਰੈਲ ਨੂੰ ਖੇਡਿਆ ਜਾਵੇਗਾ ਤੇ ਲੜਕਿਆਂ ਦੇ ਵਰਗ ਦੇ ਸੈਮੀਫਾਈਨਲ ’ਚ ਜਲੰਧਰ ਦਾ ਮੁਕਾਬਲਾ ਫਾਜ਼ਿਲਕਾ ਨਾਲ ਤੇ ਮੋਹਾਲੀ ਦਾ ਮੁਕਾਬਲਾ ਗੁਰਦਾਸਪੁਰ ਨਾਲ ਹੋਵੇਗਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅੰਤਰਰਾਸ਼ਟਰੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ’ਤੇ ਉਲੰਪੀਅਨ ਸੰਜੀਵ ਕੁਮਾਰ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ ਮੁਕਤਸਰ ਸਾਹਿਬ, ਰਾਜਵੰਤ ਸਿੰਘ ਬਠਿੰਡਾ, ਹਾਕੀ ਪੰਜਾਬ ਦੇ ਦਫਤਰ ਸਕੱਤਰ ਕੁਲਬੀਰ ਸਿੰਘ, ਮਲਕੀਤ ਸਿੰਘ, ਅਮਿਤ ਸ਼ਰਮਾ, ਕਰਨਦੀਪ ਸੰਧੂ, ਅਸ਼ਵਨੀ ਕੁਮਾਰ, ਚੜਤ ਸਿੰਘ ਤੇ ਹੋਰ ਬਹੁਤ ਸਾਰੇ ਹਾਜ਼ਰ ਸਨ।