ਹਾਈਵੇ ’ਤੇ ਬੰਦ ਕੀਤੇ ਕੱਟ ਤੋਂ ਬੈਰੀਕੇਡ ਹਟਾਏ
ਭੋਗਪੁਰ ’ਚ ਨੈਸ਼ਨਲ ਹਾਈਵੇ ’ਤੇ ਬੰਦ ਕੀਤੇ ਕੱਟ ਤੋਂ ਬੈਰੀਕੇਡ ਹਟਾਏ
Publish Date: Thu, 12 Feb 2026 08:02 PM (IST)
Updated Date: Thu, 12 Feb 2026 08:05 PM (IST)
-ਲੋਕਾਂ ਦੀ ਮੰਗ ’ਤੇ ਮੁੜ ਖੋਲ੍ਹਿਆ ਆਦਮਪੁਰ ਟੀ-ਪੁਆਇੰਟ
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਸ਼ਹਿਰ ’ਚ ਟਰੈਫਿਕ ਸਮੱਸਿਆ ਦੇ ਹੱਲ ਲਈ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਨੈਸ਼ਨਲ ਹਾਈਵੇ ਨਾਲ ਜੁੜਦੇ ਲਿੰਕ ਰੋਡਾਂ ਦੇ ਸਾਹਮਣੇ ਕੱਟ ਬੰਦ ਕਰ ਦਿੱਤੇ ਗਏ ਸਨ। ਇਸ ਫੈਸਲੇ ਕਾਰਨ ਸ਼ਹਿਰ ਵਾਸੀਆਂ ਨੂੰ ਸੜਕ ਪਾਰ ਕਰਨ ਤੇ ਆਦਮਪੁਰ ਰੋਡ ਤੇ ਬੁੱਲੋਵਾਲ ਰੋਡ ਵੱਲ ਜਾਣ ਲਈ ਕਾਫ਼ੀ ਦੂਰੋਂ ਘੁੰਮ ਕੇ ਜਾਣਾ ਪੈਂਦਾ ਸੀ, ਜਿਸ ਨਾਲ ਆਮ ਲੋਕਾਂ, ਵਿਦਿਆਰਥੀਆਂ ਤੇ ਵਪਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਮਾਮਲੇ ਸਬੰਧੀ ਨਗਰ ਕੌਂਸਲ ਦਫ਼ਤਰ ’ਚ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਦੀ ਅਗਵਾਈ ਹੇਠ ਇਕ ਮੀਟਿੰਗ ਬੁਲਾਈ ਗਈ। ਮੀਟਿੰਗ ’ਚ ਅਮਰਜੀਤ ਸਿੰਘ (ਪ੍ਰਧਾਨ, ਸ਼ਾਪਕੀਪਰ ਵੈਲਫੇਅਰ ਸੁਸਾਇਟੀ), ਕਮਲਜੀਤ ਸਿੰਘ (ਚੇਅਰਮੈਨ), ਡਾ. ਕਮਲ ਸਿੰਘ, ਐੱਮਸੀ ਧੀਰਜ ਭੱਲਾ, ਹਰਦੀਪ ਸਿੰਘ ਘੁੰਮਣ, ਜਸਵੀਰ ਸਿੰਘ, ਡਾ. ਰਜਤ ਸ਼ਰਮਾ ਸਮੇਤ ਮਾਰਕੀਟ ਕਮੇਟੀ ਦੇ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਆਗੂ ਪਰਮਜੀਤ ਪੰਮਾ (ਸੰਗਠਨ ਇੰਚਾਰਜ), ਜੱਸ ਦਿਆਲ ਸਿੰਘ, ਰਾਜਕੁਮਾਰ ਰਾਜਾ (ਪ੍ਰਧਾਨ ਨਗਰ ਕੌਂਸਲ), ਬਲਵਿੰਦਰ ਭੰਡਾਰੀ (ਬਲਾਕ ਪ੍ਰਧਾਨ), ਡਾ. ਸੁਖਦੇਵ ਐੱਮਸੀ, ਸੋਨੂ ਅਰੋੜਾ, ਅਮਰਜੀਤ ਸਿੰਘ ਸੈਣੀ ਕੋਆਰਡੀਨੇਟਰ ਆਦਿ ਹਾਜ਼ਰ ਸਨ। ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ ਲੋਕਾਂ ਨੇ ਦੱਸਿਆ ਕਿ ਚੌਕ ਬੰਦ ਹੋਣ ਨਾਲ ਰੋਜ਼ਾਨਾ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਬੱਚਿਆਂ ਦੇ ਸਕੂਲ ਜਾਣ ’ਚ ਦਿੱਕਤ ਆ ਰਹੀ ਹੈ ਤੇ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਮਾਮਲੇ ’ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹਲਕਾ ਇੰਚਾਰਜ ਵੱਲੋਂ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ। ਇਸ ਤੋਂ ਬਾਅਦ ਥਾਣਾ ਮੁਖੀ ਭੋਗਪੁਰ ਇੰਸਪੈਕਟਰ ਰਾਜੇਸ਼ ਕੁਮਾਰ (ਰਕੇਸ਼ ਕੁਮਾਰ) ਵੱਲੋਂ ਲੋਕਾਂ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਆਦਮਪੁਰ ਟੀ-ਪੁਆਇੰਟ ਦਾ ਕੱਟ ਮੁੜ ਖੋਲ੍ਹ ਦਿੱਤਾ ਗਿਆ ਤੇ ਲੱਗੇ ਹੋਏ ਬੈਰੀਕੇਡ ਹਟਾ ਦਿੱਤੇ ਗਏ। ਨਾਲ ਹੀ ਇਹ ਫੈਸਲਾ ਵੀ ਕੀਤਾ ਗਿਆ ਕਿ ਭੋਗਪੁਰ ਦੇ ਚੌਕਾਂ ’ਚ ਟ੍ਰੈਫਿਕ ਪੁਲਿਸ ਦੀ ਨਿਯਮਿਤ ਡਿਊਟੀ ਲਗਾਈ ਜਾਵੇਗੀ ਤਾਂ ਜੋ ਆਵਾਜਾਈ ਸੁਚਾਰੂ ਰਹੇ ਤੇ ਹਾਦਸਿਆਂ ਤੋਂ ਬਚਾਅ ਹੋ ਸਕੇ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਭਵਿੱਖ ’ਚ ਵੀ ਲੋਕਾਂ ਦੀ ਸਹੂਲਤ ਨੂੰ ਪਹਿਲ ਦਿੱਤੀ ਜਾਵੇਗੀ।