ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ
ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ
Publish Date: Thu, 02 Apr 2026 10:26 PM (IST)
Updated Date: Thu, 02 Apr 2026 10:28 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਪੱਛਮੀ ’ਚ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਭਾਰਗੋ ਕੈਂਪ ਥਾਣੇ ’ਚ ਸਥਿਤ ਇਕ ਮੈਡੀਕਲ ਸਟੋਰ ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਮੌਕੇ ਇਕ ਡਰੱਗ ਇੰਸਪੈਕਟਰ ਵੀ ਮੌਜੂਦ ਸੀ। ਪੁਲਿਸ ਟੀਮ ਨੇ ਭਾਰਗੋ ਨਗਰ ’ਚ ਸਥਿਤ ਐੱਸਐੱਸ ਮੈਡੀਕਲ ਸਟੋਰ ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ 125 ਪ੍ਰੀਗਾਬਾਲਿਨ ਗੋਲੀਆਂ ਤੇ ਲਗਭਗ 400 ਸਪਾਸ ਕੈਪਸੂਲ ਬਰਾਮਦ ਕੀਤੇ ਗਏ। ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਤੁਰੰਤ ਇਨ੍ਹਾਂ ਦਵਾਈਆਂ ਨੂੰ ਜ਼ਬਤ ਕਰ ਲਿਆ। ਏਸੀਪੀ (ਪੱਛਮੀ) ਆਤਿਸ਼ ਭਾਟੀਆ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੈਡੀਕਲ ਸਟੋਰ ਮਾਲਕ ਸੰਨੀ, ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਪਾਬੰਦੀਸ਼ੁਦਾ ਦਵਾਈਆਂ ਦਾ ਭੰਡਾਰ ਕਰ ਰਿਹਾ ਸੀ। ਡਰੱਗ ਇੰਸਪੈਕਟਰ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਏਸੀਪੀ ਆਤਿਸ਼ ਭਾਟੀਆ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ। ਜਾਂਚ ’ਚ ਪੂਰੇ ਨੈੱਟਵਰਕ ਦਾ ਪਰਦਾਫਾਸ਼ ਹੋਣ ਦੀ ਉਮੀਦ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਸਪਲਾਈ ’ਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੀ ਇਸ ਕਾਰਵਾਈ ਨੇ ਇਲਾਕੇ ’ਚ ਹਲਚਲ ਪੈਦਾ ਕਰ ਦਿੱਤੀ ਹੈ ਤੇ ਹੋਰ ਮੈਡੀਕਲ ਸਟੋਰ ਸੰਚਾਲਕਾਂ ਨੂੰ ਇਕ ਸਖ਼ਤ ਸੁਨੇਹਾ ਦਿੱਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਆਉਣ ਵਾਲੇ ਦਿਨਾਂ ’ਚ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਉਣ ਤੇ ਸਮਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅਜਿਹੀਆਂ ਜਾਂਚ ਮੁਹਿੰਮਾਂ ਬੇਰੋਕ ਜਾਰੀ ਰਹਿਣਗੀਆਂ।