ਫੁੱਟਪਾਥ 'ਤੇ ਨਾਜਾਇਜ਼ ਬੋਰਡ ਤੇ ਸਾਮਾਨ ਰੱਖਣ ’ਤੇ ਪਾਬੰਦੀ
-ਸੀਪੀ ਧਨਪ੍ਰੀਤ ਕੌਰ ਦੇ
Publish Date: Tue, 10 Mar 2026 11:36 PM (IST)
Updated Date: Tue, 10 Mar 2026 11:39 PM (IST)
-ਸੀਪੀ ਧਨਪ੍ਰੀਤ ਕੌਰ ਦੇ ਹੁਕਮ, ਬਿਨਾਂ ਆਈਡੀ ਮੋਬਾਈਲ-ਸਿਮ ਵੇਚਣਾ ਗ਼ੈਰ-ਕਾਨੂੰਨੀ
-ਪਲਾਸਟਿਕ ਡੋਰ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ’ਚ ਅਮਨ-ਕਾਨੂੰਨ ਬਣਾਈ ਰੱਖਣ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਧਾਰਾ 163ਤਹਿਤ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ’ਚ ਸੜਕਾਂ ਤੇ ਫੁੱਟਪਾਥਾਂ ’ਤੇ ਨਾਜਾਇਜ਼ ਬੋਰਡ ਲਗਾਉਣ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੀ ਹੱਦ ਤੋਂ ਬਾਹਰ ਸੜਕ ਜਾਂ ਫੁੱਟਪਾਥ ’ਤੇ ਸਾਮਾਨ ਰੱਖ ਕੇ ਵੇਚਣ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
ਪੁਲਿਸ ਕਮਿਸ਼ਨਰ ਨੇ ਸਾਈਬਰ ਅਪਰਾਧਾਂ 'ਤੇ ਕਾਬੂ ਪਾਉਣ ਦੇ ਟੀਚਾ ਨਾਲ ਮੋਬਾਈਲ ਫੋਨ ਤੇ ਸਿਮ ਕਾਰਡ ਵੇਚਣ ਵਾਲਿਆਂ ਲਈ ਵੀ ਸਖ਼ਤ ਨਿਯਮ ਲਾਗੂ ਕੀਤੇ ਹਨ। ਹੁਕਮਾਂ ਮੁਤਾਬਕ ਹੁਣ ਕੋਈ ਵੀ ਦੁਕਾਨਦਾਰ ਗਾਹਕ ਤੋਂ ਪਛਾਣ ਪੱਤਰ, ਆਈਡੀ ਪਰੂਫ ਤੇ ਫੋਟੋ ਪ੍ਰਾਪਤ ਕੀਤੇ ਬਿਨਾਂ ਮੋਬਾਈਲ ਫੋਨ ਜਾਂ ਸਿਮ ਕਾਰਡ ਨਹੀਂ ਵੇਚ ਸਕੇਗਾ। ਇਸ ਤੋਂ ਇਲਾਵਾ, ਦੁਕਾਨਦਾਰਾਂ ਲਈ ਖਰੀਦ-ਫਰੋਖਤ ਦਾ ਪੂਰਾ ਰਿਕਾਰਡ ਰਜਿਸਟਰ ’ਚ ਦਰਜ ਕਰਨਾ ਲਾਜ਼ਮੀ ਹੋਵੇਗਾ, ਜਿਸ ਵਿਚ ਗਾਹਕ ਦਾ ਨਾਂ, ਜਨਮ ਤਰੀਕ, ਪਿਤਾ ਦਾ ਨਾਂ, ਪੂਰਾ ਪਤਾ, ਮੋਬਾਈਲ ਜਾਂ ਸਿਮ ਖਰੀਦਣ ਦੀ ਤਰੀਕ ਤੇ ਸਮਾਂ, ਗਾਹਕ ਦੇ ਅੰਗੂਠੇ ਦਾ ਨਿਸ਼ਾਨ ਤੇ ਹਸਤਾਖਰ ਸ਼ਾਮਲ ਹੋਣਗੇ। ਜੇ ਮੋਬਾਈਲ ਫੋਨ ਜਾਂ ਸਿਮ ਦੀ ਭੁਗਤਾਨ ਰਕਮ ਕਿਸੇ ਹੋਰ ਵਿਅਕਤੀ ਦੇ ਬੈਂਕ ਖਾਤੇ, ਯੂਪੀਆਈ, ਕਾਰਡ ਜਾਂ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਪਛਾਣ ਪੱਤਰ ਵੀ ਦੁਕਾਨਦਾਰ ਲੈ ਕੇ ਸੰਭਾਲੇਗਾ। ਨਾਲ ਹੀ, ਵਿਕਰੇਤਾ ਨੂੰ ਆਪਣੀ ਫਰਮ ਦੀ ਮੋਹਰ ਤੇ ਦਸਤਖ਼ਤ ਦੇ ਨਾਲ ਖਰੀਦ ਸਰਟੀਫਿਕੇਟ ਵੀ ਦੇਣਾ ਹੋਵੇਗਾ।
ਇਕ ਹੋਰ ਹੁਕਮ ’ਚ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਪਲਾਸਟਿਕ ਡੋਰ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ। ਨਾਇਲਾਨ, ਪਲਾਸਟਿਕ ਜਾਂ ਸਿੰਥੈਟਿਕ ਸਮੱਗਰੀ ਨਾਲ ਬਣੀ ਤੇ ਕਾਂਚ ਜਾਂ ਧਾਤੂ ਦੀ ਪਰਤ ਵਾਲੀ ਡੋਰ ਦੇ ਨਿਰਮਾਣ, ਵਿਕਰੀ, ਭੰਡਾਰਨ, ਖਰੀਦ, ਸਪਲਾਈ ਤੇ ਵਰਤੋਂ 'ਤੇ ਰੋਕ ਰਹੇਗੀ। ਪਤੰਗ ਉਡਾਉਣ ਲਈ ਸਿਰਫ ਸਧਾਰਣ ਸੁਤੀ ਧਾਗੇ ਦੀ ਹੀ ਆਗਿਆ ਹੋਵੇਗੀ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਸਾਰੇ ਹੁਕਮ 7 ਮਈ 2026 ਤੱਕ ਲਾਗੂ ਰਹਿਣਗੇ। ਪ੍ਰਸ਼ਾਸਨ ਨੇ ਨਾਗਰਿਕਾਂ ਤੇ ਦੁਕਾਨਦਾਰਾਂ ਤੋਂ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।