ਰੇਲ ਗੱਡੀ ’ਚ ਰਹਿ ਗਿਆ ਬੈਗ ਮੁਸਾਫ਼ਰ ਨੂੰ ਮੋੜਿਆ
ਜਾਸ, ਜਲੰਧਰ : ਗਰੀਬਰੱਥ
Publish Date: Tue, 31 Mar 2026 07:23 PM (IST)
Updated Date: Tue, 31 Mar 2026 07:25 PM (IST)
ਜਾਸ, ਜਲੰਧਰ : ਗਰੀਬਰੱਥ ਐਕਸਪ੍ਰੈੱਸ ’ਚ ਇਕ ਮੁਸਾਫ਼ਰ ਦਾ ਬੈਗ ਰਹਿ ਗਿਆ, ਜਿਸ ਨੂੰ ਟਿਕਟ ਚੈਕਿੰਗ ਸਟਾਫ ਦੀ ਚੌਕਸੀ ਨਾਲ ਲੱਭਿਆ ਤੇ ਆਰਪੀਐੱਫ ਦੀ ਮਦਦ ਨਾਲ ਮਾਲਕ ਤੱਕ ਪਹੁੰਚਾਇਆ। ਰੇਲ ਗੱਡੀ ’ਚ ਮੁੱਖ ਟਿਕਟ ਨਿਰੀਖਕ ਮਨੋਜ ਚੌਹਾਨ ਮੁਸਾਫਰਾਂ ਦੀਆਂ ਟਿਕਟਾਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕੋਟ ਨੰਬਰ ਜੀ-11 ਦੀ ਸੀਟ ਨੰਬਰ 51 ’ਤੇ ਇਕ ਬੈਗ ਪਿਆ ਹੋਇਆ ਦੇਖਿਆ, ਜੋ ਕਿ ਮੁਸਾਫਰ ਦਾ ਸੀ। ਇਹ ਮੁਸਾਫਰ ਸਮਸਤੀਪੁਰ ਤੋਂ ਸਿਵਾਨ ਤੱਕ ਦਾ ਸਫਰ ਕਰ ਰਿਹਾ ਸੀ ਤੇ ਗ਼ਲਤੀ ਬੈਗ ਰੇਲ ਗੱਡੀ ’ਚ ਹੀ ਰਹਿ ਗਿਆ ਸੀ। ਇਸ ਮਗਰੋਂ ਵਣਜ ਕੰਟਰੋਲ ਫਿਰੋਜ਼ਪੁਰ ਵੱਲੋਂ ਮਿਲੇ ਸੁਨੇਹੇ ਮਗਰੋਂ ਉਕਤ ਬੈਗ ਨੂੰ ਸੁਰੱਖਿਅਤ ਤੌਰ 'ਤੇ ਆਰਪੀਐੱਫ ਜਲੰਧਰ ਸਿਟੀ ਨੂੰ ਸੌਂਪ ਦਿੱਤਾ ਗਿਆ। ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਘਟਨਾ ਰੇਲਵੇ ਮੁਲਾਜ਼ਮਾਂ ਦੀ ਨਿਸ਼ਠਾ, ਇਮਾਨਦਾਰੀ ਤੇ ਮੁਸਾਫਰਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਸ਼ਲਾਘਾਯੋਗ ਕਾਰਜ ਲਈ ਉਨ੍ਹਾਂ ਟਿਕਟ ਚੈਕਿੰਗ ਸਟਾਫ ਨੂੰ ਪ੍ਰਸ਼ੰਸਾ ਪ੍ਰਮਾਣ ਪੱਤਰ ਦੇਣ ਦਾ ਐਲਾਨ ਕੀਤਾ ਤਾਂ ਜੋ ਹੋਰ ਟਿਕਟ ਚੈਕਿੰਗ ਸਟਾਫ ਵੀ ਪ੍ਰੇਰਿਤ ਹੋ ਕੇ ਇਸ ਤਰ੍ਹਾਂ ਦੇ ਸ਼ਲਾਘਾਯੋਗ ਕਾਰਜ ਕਰੇ।