- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਸਾਡੇ ਮੁਲਕ ਦੀ ਆਜ਼ਾਦੀ ਲਈ ਉੱਠੀਆਂ ਵੰਨ-ਸੁਵੰਨੀਆਂ ਲਹਿਰਾਂ ਵਿੱਚ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ (1926-2026) ਮੌਕੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਸ ਲਹਿਰ ਦੇ ਇਤਿਹਾਸਕ ਪੱਖਾਂ ਅਤੇ ਉਸਦੀ ਮੁੱਲਵਾਨ ਪ੍ਰਸੰਗਕਤਾ ਉਪਰ ਵਿਸ਼ੇਸ਼ ਵਿਚਾਰ-ਚਰਚਾ ਸਮਾਗਮ ਕੀਤਾ ਗਿਆ। ਇਸ ਸਮਾਗਮ ਸਬੰਧੀ ਮੁੱਢਲੇ ਸ਼ਬਦ ਸਾਂਝੇ ਕਰਦਿਆਂ ਆਪਣੇ ਸੰਬੋਧਨ 'ਚ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਨੇ ਕਿਹਾ ਕਿ 2026 ਦਾ ਪੂਰਾ ਵਰ੍ਹਾ ਚੱਲਣ ਵਾਲੇ ਬੱਬਰ ਅਕਾਲੀ ਲਹਿਰ ਸ਼ਤਾਬਦੀ ਨੂੰ ਸਮਰਪਤ ਸਮਾਗਮਾਂ ਦੀ ਸਿਖ਼ਰ ਹੋਏਗਾ, ਪਹਿਲੀ ਨਵੰਬਰ ਨੂੰ ਹੋਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ। ਉਨ੍ਹਾਂ ਕਿਹਾ ਕਿ ਅੱਜ 27 ਫਰਵਰੀ ਨੂੰ ਇਸ ਮੁਹਿੰਮ ਦਾ ਆਗਾਜ਼ ਉਸ ਇਤਿਹਾਸਕ ਦਿਹਾੜੇ 'ਤੇ ਰੱਖਿਆ ਗਿਆ ਹੈ, ਜਿਸ ਦਿਨ 27 ਫਰਵਰੀ 1926 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਛੇ ਬੱਬਰ ਦੇਸ਼ ਭਗਤਾਂ ਨੂੰ ਫਾਂਸੀ ਲਗਾਇਆ ਗਿਆ ਸੀ।
ਸਮਾਗਮ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਦੋਵੇਂ ਬੁਲਾਰੇ ਕਮੇਟੀ ਮੈਂਬਰ ਸਵਰਨ ਸਿੰਘ ਵਿਰਕ, ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਮੰਚ 'ਤੇ ਸਸ਼ੋਭਤ ਸਨ। ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ ਨੇ 'ਬੱਬਰ ਅਕਾਲੀ ਲਹਿਰ ਦੀ ਪ੍ਰਸੰਗਕਤਾ' ਵਿਸ਼ੇ 'ਤੇ ਬੋਲਦਿਆਂ ਬੱਬਰ ਅਕਾਲੀ ਲਹਿਰ ਦੇ ਅਣਗੌਲੇ ਇਤਿਹਾਸ ਦੇ ਕਈ ਪੱਖਾਂ ਉਪਰ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਬੱਬਰ ਅਕਾਲੀ ਲਹਿਰ ਦੇ ਗਠਨ ਪਿੱਛੇ ਉਸ ਵੇਲੇ ਦੇ ਪੰਜਾਬ ਅੰਦਰ ਕਿੰਨੀਆਂ ਹੀ ਥਾਵਾਂ 'ਤੇ ਵਾਪਰੇ ਇੰਤਹਾ ਜ਼ਬਰ ਦੀਆਂ ਘਟਨਾਵਾਂ ਕਾਰਨ ਲੋਕ ਮਨਾਂ ਅੰਦਰ ਉੱਸਲਵੱਟੇ ਲੈਂਦਾ ਰੋਸ ਸ਼ਾਮਲ ਹੈ।
ਸੁਵਰਨ ਵਿਰਕ ਨੇ ਕਿਹਾ ਕਿ ਬੱਬਰ ਅਕਾਲੀ ਲਹਿਰ ਨੂੰ ਇੱਕ ਵਿਸ਼ੇਸ਼ ਧਰਮ ਤੱਕ ਸੀਮਤ ਕਰਨ ਅਤੇ ਉਸੇ ਵਿਸ਼ੇਸ਼ ਧਰਮ ਨਾਲੋਂ ਨਿਖੇੜਨ ਲਈ ਵੀ ਯਤਨ ਕੀਤੇ ਗਏ ਪਰ ਸੱਚਾਈ ਕਦੇ ਲੁਕ ਜਾਂ ਹਾਰ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਰੂਸੀ ਕ੍ਰਾਂਤੀ ਦਾ ਮਾਸਟਰ ਮੋਤਾ ਸਿੰਘ ਵਰਗਿਆਂ ਰਾਹੀਂ ਬਾਲਸਿਜ਼ਮ ਦਾ ਪ੍ਰਭਾਵ ਵੀ ਇਸ ਲਹਿਰ ਨੂੰ ਰੰਗ ਚਾੜ੍ਹਨ ਦਾ ਕੰਮ ਕਰਨ ਲੱਗਾ। ਬੱਬਰ ਅਕਾਲੀਆਂ ਦੀ ਦੇਣ ਮਾਨਵਵਾਦੀ, ਸਮਤਾਪੂਰਕ ਸਮਾਜ ਦੀ ਸਿਰਜਣਾ ਦਾ ਜਮਹੂਰੀਕਰਨ ਕਰਨਾ ਸੀ।
ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ,''ਫ਼ਿਰਕੂ ਫਾਸ਼ੀ ਹੱਲੇ ਦੀਆਂ ਚੁਣੌਤੀਆਂ ਅਤੇ ਸਾਡੀ ਭੂਮਿਕਾ'' ਵਿਸ਼ੇ 'ਤੇ ਬੋਲਦੇ ਹੋਏ ਕਿਹਾ ਕਿ ਸਾਮਰਾਜੀ ਦੇ ਦੇਸੀ, ਬਹੁ-ਕੌਮੀ ਕੰਪਨੀਆਂ ਦੇ ਆਰਥਕ ਅਜੰਡੇ ਪੂਰੀ ਬੇਸ਼ਰਮੀ ਨਾਲ ਗੋਡਣੀਆਂ ਪਰਨੇ ਹੋ ਕੇ ਭਾਰਤੀ ਲੋਕਾਂ ਉਪਰ ਮੜ੍ਹਨ ਲਈ ਰਾਹ ਪੱਧਰਾ ਕਰਨ ਵਾਸਤੇ ਸਮਾਜ ਅੰਦਰ ਫ਼ਿਰਕੂ ਫਾਸ਼ੀਵਾਦ ਦੀ ਹਨੇਰੀ ਤੇਜ਼ੀ ਨਾਲ ਵਗਾ ਰਹੇ ਹਨ। ਆਦਿਵਾਸੀ ਅਤੇ ਸੰਘਰਸ਼ ਕਰਦੇ ਮੁਲਕ ਦੇ ਕਾਮੇ, ਪੰਜਾਬ ਅੰਦਰ ਜਿਉਂਦ ਪਿੰਡ ਨੂੰ ਚੋਣਵਾਂ ਨਿਸ਼ਾਨਾ ਬਣਾਇਆ ਜਾਣਾ ਭਵਿੱਖ਼ ਵਿੱਚ ਫੈਲਦੇ ਫਾਸ਼ੀਵਾਦ ਦੇ ਪੰਜਿਆਂ ਦੀ ਖੁੰਖ਼ਾਰ ਤਸਵੀਰ ਪੇਸ਼ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੁਦਰਤੀ ਵਸੀਲਿਆਂ ਉਪਰ ਸਾਮਰਾਜੀ ਬਹੁਕੌਮੀ ਕੰਪਨੀਆਂ ਦਾ ਜੱਫਾ ਮਜ਼ਬੂਤ ਕੀਤਾ ਜਾ ਰਿਹਾ ਹੈ। ਅੱਜ ਦੇ ਸਮਾਗਮ 'ਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੱਬਰ ਅਕਾਲੀ ਲਹਿਰ ਦੇ ਪਿੰਡਾਂ, ਯਾਦਗਾਰੀ ਕਮੇਟੀਆਂ ਦੇ ਨੁਮਾਇੰਦਿਆਂ ਨੂੰ 'ਸਨਮਾਨ ਚਿੰਨ੍ਹ' ਭੇਟ ਕਰਕੇ ਅਤੇ ਉਨ੍ਹਾਂ ਦੀ ਦੇਣ ਨੂੰ ਸਲਾਮ ਕਰਦੇ ਹੋਏ ਸਨਮਾਨਤ ਕੀਤਾ ਗਿਆ। ਮੰਚ ਤੋਂ ਸਨਮਾਨਿਤ ਹੋਣ ਵਾਲਿਆਂ 'ਚ ਸ਼ਹੀਦ ਵਰਿਆਮ ਸਿੰਘ ਧੁੱਗਾ ਦੇ ਪਿੰਡੋਂ ਆਏ ਮੱਖਣ ਸਿੰਘ, ਸ਼ਹੀਦ ਕਰਤਾਰ ਸਿੰਘ ਚੱਕ ਕਲਾਂ ਤੋਂ ਪ੍ਰਮਿੰਦਰ ਸਿੰਘ, ਸ਼ਹੀਦ ਸੰਤਾ ਸਿੰਘ ਹਰਿਓਂ ਖੁਰਦ (ਲੁਧਿਆਣਾ) ਦੇ ਜਗਰੂਪ ਸਿੰਘ, ਮਾਸਟਰ ਕੁਲਵੰਤ 'ਤਰਕ', ਬੱਬਰ ਮੋਤਾ ਸਿੰਘ ਦੇ ਪਿੰਡ ਪਤਾਰਾ ਤੋਂ ਅਸ਼ੋਕ ਪਤਾਰਾ, ਕਰਮ ਸਿੰਘ ਦੌਲਤਪੁਰ ਦੀ ਸਮਾਰਕ ਵੱਲੋਂ ਜਸਪਾਲ ਜਾਂਡਲੀ, ਰਣਜੀਤ ਸਿੰਘ ਗੜ੍ਹੀ, ਸੁਖਵੀਰ ਸਿੰਘ, ਬੱਬਰ ਕਰਮ ਸਿੰਘ ਦੇ ਨਾਨਕਾ ਪਿੰਡ ਕੌਲਗੜ੍ਹ ਤੋਂ ਦੀਦਾਰ ਸ਼ੇਤਰਾ, ਬੱਬਰ ਅਕਾਲੀ ਹੈਰੀਟੇਜ਼ ਐਬਸਫੋਰਡ (ਕਨੇਡਾ) ਤੋਂ ਬਲਜਿੰਦਰ ਬੈਂਸ, ਰਾਜਿੰਦਰ ਢਿੱਲੋਂ, ਗੁਰਤੇਜ ਸਿੰਘ, ਗੁਰਦੇਵ ਸਿੰਘ ਬਰਾੜ, ਬੱਬਰ ਕਰਮ ਸਿੰਘ ਝਿੰਗੜ ਦੇ ਪਿੰਡੋਂ ਮਲਕੀਤ ਸਿੰਘ ਝਿੰਗੜ, ਬੱਬਰ ਅਕਾਲੀ ਹੈਰੀਟੇਜ ਐਬਸਫੋਰਡ (ਕਨੇਡਾ) ਤੋਂ ਅਮਰਜੀਤ ਸਿੰਘ ਨਰੰਗ, ਮੱਖਣ ਸਿੰਘ ਅੱਚਰਵਾਲ, ਮਲਕੀਤ ਸਿੰਘ ਤੂਰ, ਗੁਰਮੇਲ ਸਿੰਘ ਸੰਧੂ, ਬੱਬਰ ਸੁਰੈਣ ਸਿੰਘ ਦੌਲਪੁਰ ਅਲਾਵਲਪੁਰ ਤੋਂ ਜਸਵਿੰਦਰ ਸਿੰਘ ਦੌਲਤਪੁਰ ਦਾ ਸਨਮਾਨ ਕੀਤਾ ਗਿਆ।
ਪ੍ਰਧਾਨਗੀ ਮੰਡਲ ਦੀ ਤਰਫ਼ੋਂ ਬੋਲਦਿਆਂ ਕਮੇਟੀ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਅਪੀਲ ਕੀਤੀ ਕਿ ਇਹ ਵੇਲਾ ਅੱਜ ਤੋਂ ਹੀ ਸ਼ਤਾਬਦੀ ਮੁਹਿੰਮ ਦੀ ਸਫ਼ਲਤਾ ਲਈ ਜੁੱਟ ਜਾਣ ਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸਿਖ਼ਰ ਮੇਲਾ ਗ਼ਦਰੀ ਬਾਬਿਆਂ ਦਾ ਮੌਕੇ ਹਰ ਪੱਖੋਂ ਯੋਗਦਾਨ ਪਾਉਣ ਲਈ ਬੱਬਰ ਅਕਾਲੀ ਸੂਰਮਿਆਂ ਦੇ ਪਿੰਡਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਸਮਾਗਮ 'ਚ ਮੰਚ ਸੰਚਾਲਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।