‘ਪੜ੍ਹੋ, ਜੁੜੋ ਤੇ ਸੰਘਰਸ਼ ਕਰੋ’ ’ਤੇ ਅਮਲ ਦੀ ਲੋੜ
ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦਾ 135ਵਾਂ ਜਨਮ ਉਤਸਵ ਸ਼ਰਧਾ ਨਾਲ ਮਨਾਇਆ
Publish Date: Mon, 20 Apr 2026 07:30 PM (IST)
Updated Date: Mon, 20 Apr 2026 07:33 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡਾ. ਬੀਆਰ ਅੰਬੇਡਕਰ ਮਿਸ਼ਨ ਐਂਡ ਵੈੱਲਫੇਅਰ ਸੁਸਾਇਟੀ ਅੱਡਾ ਕਿਸ਼ਨਗੜ੍ਹ ਵੱਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 135ਵਾਂ ਜਨਮ ਉਤਸਵ ਸਰਕਾਰੀ ਪ੍ਰਾਇਮਰੀ ਤੇ ਐਲੀਮੈਂਟਰੀ ਸਕੂਲ ਕਿਸ਼ਨਗੜ੍ਹ ’ਚ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਡਾ. ਅੰਬੇਡਕਰ ਦੇ ਜੀਵਨ, ਸੰਘਰਸ਼ ਤੇ ਸਮਾਜ ਲਈ ਕੀਤੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ “ਪੜ੍ਹੋ, ਲਿਖੋ, ਜੁੜੋ ਤੇ ਸੰਘਰਸ਼ ਕਰੋ” ਦੇ ਨਾਅਰੇ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਉਨਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਸਮਾਜ ’ਚ ਬਰਾਬਰੀ ਤੇ ਨਿਆਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਸੰਤ ਪ੍ਰਦੀਪ ਦਾਸ ਮਹਾਰਾਜ (ਡੇਰਾ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ) ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਤੋਂ ਇਲਾਵਾ ਮਿਸ਼ਨਰੀ ਗਾਇਕਾਂ ਵੱਲੋਂ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਜੀਵਨ ’ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਚੇਅਰਮੈਨ ਮਹਿੰਦਰ ਕੁਮਾਰ ਕਨੂੰਗੋ, ਪ੍ਰਧਾਨ ਸਾਲਗ੍ਰਾਮ, ਕੈਸ਼ੀਅਰ ਰੋਸ਼ਨ ਲਾਲ ਸੋਂਧੀ, ਸਕੱਤਰ ਸੁਰਜੀਤ ਸਿੰਘ ਜੱਸਲ, ਡਾ. ਗੁਰਬਖਸ਼ ਸਿੰਘ ਸੁਆਮੀ (ਸਰਪੰਚ), ਸਾਬਕਾ ਸਰਪੰਚ ਪਰਮਜੀਤ ਕੁਮਾਰ, ਤਹਿਸੀਲਦਾਰ ਵਿਜੇ ਕੁਮਾਰ ਅਹੀਰ, ਪ੍ਰਿੰਸੀਪਲ ਗਿਰਦਾਰੀ ਲਾਲ, ਡਾ. ਅਮਨਿੰਦਰ ਕੌਰ ਮਹੇ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਸਮਾਗਮ ਦੇ ਅੰਤ ‘ਚ ਆਈਆਂ ਸੰਗਤਾਂ ਨੂੰ ਚਾਹ ਤੇ ਪਕੌੜਿਆਂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ, ਜਦਕਿ ਮੰਚ ਸੰਚਾਲਨ ਦੀ ਸੇਵਾ ਲੈਕਚਰਾਰ ਸੁਰਜੀਤ ਸਿੰਘ ਜੱਸਲ ਵੱਲੋਂ ਨਿਭਾਈ ਗਈ।