ਬਾਬਾ ਬੂਝਾ ਸਿੰਘ ਦਾ ਪਰਿਵਾਰ ਸਨਮਾਨਿਤ
ਬਾਬਾ ਬੂਝਾ ਸਿੰਘ ਦੇ ਪਰਿਵਾਰ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ
Publish Date: Fri, 16 Jan 2026 08:18 PM (IST)
Updated Date: Fri, 16 Jan 2026 08:21 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਮਹਾਨ ਗ਼ਦਰ ਲਹਿਰ, ਕਿਰਤੀ ਲਹਿਰ ਤੋਂ ਹੁੰਦੇ ਹੋਏ ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦੇ ਮੋਢੀਆਂ ਦੀ ਪਾਲ ਦੇ ਮਾਣ ਮੱਤੇ ਕਮਿਊਨਿਸਟ ਇਨਕਲਾਬੀ, ਮੁੱਢਲੇ ਟਰੱਸਟੀ, ਬਾਬਾ ਬੂਝਾ ਸਿੰਘ ਜੀ ਦੇ ਇੰਗਲੈਂਡ ਅਤੇ ਕੈਨੇਡਾ ਤੋਂ ਆਏ ਪਰਿਵਾਰ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਪੁੱਜ ਕੇ ਦੇਸ਼ ਭਗਤਾਂ ਦੀ ਇਬਾਦਤ ਗਾਹ ਨੂੰ ਸਿਜਦਾ ਕੀਤਾ। ਚੇਤੇ ਰਹੇ ਕਿ 70ਵੇਂ ਦੇ ਦੌਰ ਵਿੱਚ ਕਮਿਊਨਿਸਟ ਇਨਕਲਾਬੀ (ਨਕਸਲਬਾੜੀ) ਲਹਿਰ ਦੇ ਸੂਝਵਾਨ ਨਿਧੜਕ ਇਨਕਲਾਬੀ ਕਾਮਰੇਡ ਬਾਬਾ ਬੂਝਾ ਸਿੰਘ ਨੂੰ ਬਾਦਲ ਹਕੂਮਤ ਦੇ ਦੌਰ ਅੰਦਰ ਫੜ ਕੇ ਤਸ਼ੱਦਦ ਢਾਹੁਣ ਉਪਰੰਤ ਝੂਠੇ ਪੁਲਸ ਮੁਕਾਬਲੇ ਦੀ ਮਨਘੜਤ ਕਹਾਣੀ ਘੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਦੇ ਰਿਸ਼ਤੇਦਾਰ ਸੁਖਜਿੰਦਰ ਸਿੰਘ, ਛੋਟੇ ਭਰਾ ਅਜਮੇਰ ਸਿੰਘ ਜਿਨ੍ਹਾਂ ਦੇ ਪਿਤਾ ਜੀ ਦੇ ਬਾਬਾ ਬੂਝਾ ਸਿੰਘ ਜੀ ਫੁੱਫੜ ਲੱਗਦੇ ਸਨ, ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ ਮਿਊਜ਼ੀਅਮ, ਕਿਤਾਬ ਘਰ ਨੂੰ ਨਿਹਾਰਿਆ। ਉਨ੍ਹਾਂ ਦੇ ਨਾਲ ਪਰਿਵਾਰ ਦੇ ਮੈਂਬਰ ਜੋਗਿੰਦਰਜੀਤ ਕੌਰ, ਜਸਬੀਰ ਕੌਰ ਉਨਾਂ ਦੇ ਬੇਟੇ ਦੀਪ ਕੰਧੋਲਾ ਤੇ ਨੂੰਹ ਕੋਮਲਪ੍ਰੀਤ ਕੌਰ ਸੁਖਵਿੰਦਰ ਹੁਰਾਂ ਦੇ ਚਾਚੇ ਦੇ ਲੜਕੇ ਇਕਬਾਲ ਸਿੰਘ ਕੈਨੇਡਾ ਨਾਤੇਦਾਰ ਵੀ ਕੈਨੇਡਾ ਤੋਂ ਆਏ ਹੋਏ ਸਨ। ਉਨ੍ਹਾਂ ਨੇ ਬਾਬਾ ਬੂਝਾ ਸਿੰਘ ਅਤੇ ਹੋਰ ਅਨੇਕਾਂ ਦੇਸ਼ ਭਗਤਾਂ ਨੂੰ ਸਲਾਮ ਕਰਦਿਆਂ ਆਪਣੇ ਅੰਦਰਲੀ ਹੂਕ ਸਾਂਝੀ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫੋਂ ਕਮੇਟੀ ਦੇ ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਆਗੂ ਸੁਰਿੰਦਰ ਕੁਮਾਰੀ ਕੋਛੜ ਅਤੇ ਅਜਮੇਰ ਸਿੰਘ ਨੇ ਪੁਸਤਕਾਂ ਦੇ ਸੈਟ ਭੇਟ ਕਰਕੇ ਬਾਬਾ ਬੂਝਾ ਸਿੰਘ ਦੇ ਪਰਿਵਾਰ ਦਾ ਹਾਰਦਿਕ ਸਵਾਗਤ ਅਤੇ ਸਨਮਾਨ ਕੀਤਾ। ਸੁਖਜਿੰਦਰ ਸਿੰਘ ਦੇ ਪਰਿਵਾਰ ਨੇ ਦੇਸ਼ ਭਗਤ ਯਾਦਗਾਰ ਹਾਲ ਨੂੰ ਵਿੱਤੀ ਯੋਗਦਾਨ ਵੀ ਭੇਟ ਕੀਤਾ।