ਪ੍ਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦੈ : ਬਾਬਾ ਅਮਨਪ੍ਰੀਤ ਸਿੰਘ
ਡੇਰਾ ਨਿਰਮਲ ਤਖਤ ਬਾਬਾ ਬੁੱਢਾ ਜੀ ਵਿਖੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ
Publish Date: Mon, 23 Mar 2026 09:45 PM (IST)
Updated Date: Mon, 23 Mar 2026 09:49 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੇਰਾ ਨਿਰਮਲ ਤਖਤ ਵਿਖੇ ਚੱਲ ਰਹੀ ਪਾਠਾਂ ਦੀ ਲੜੀ ਤਹਿਤ 267 ਸੰਪਟ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਤੋਂ ਇਲਾਵਾ ਪਾਠ ਕਰਵਾਉਣ ਵਾਲੇ ਪਰਿਵਾਰ ਵੀ ਹਾਜ਼ਰ ਸਨ। ਉਕਤ ਪਰਿਵਾਰਾਂ ਨੇ ਗੱਦੀਨਸ਼ੀਨ ਬਾਬਾ ਅਮਨਪ੍ਰੀਤ ਸਿੰਘ ਤੋਂ ਆਸ਼ੀਰਵਾਦ ਲਿਆ। ਉਪਰੰਤ ਅਗਲੀ ਲੜੀ ਦੇ ਸੰਪਟ ਪਾਠਾਂ ਦੀ ਆਰੰਭਤਾ ਕੀਤੀ। ਪ੍ਰਮਾਤਮਾ ਮਨੁੱਖੀ ਜੀਵਾਂ ਦੀ ਝੋਲੀ ’ਚ ਉਨ੍ਹਾਂ ਦੇ ਚੰਗੇ-ਮੰਦੇ ਕਰਮਾਂ ਅਨੁਸਾਰ ਦੁਨਿਆਵੀ ਦਾਤਾਂ ਪਾਉਂਦਾ ਹੈ। ਸਾਨੂੰ ਸਾਡੇ ਕਰਮਾਂ ਅਨੁਸਾਰ ਮਿਲੀਆਂ ਦਾਤਾਂ ਲਈ ਪ੍ਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਇਹ ਪ੍ਰਵਚਨ ਡੇਰਾ ਨਿਰਮਲ ਤਖਤ ਬਾਬਾ ਬੁੱਢਾ ਸਾਹਿਬ ਜੀ ਦਕੋਹਾ ਦੇ ਮੌਜੂਦਾ ਗੱਦੀਨਸ਼ੀਨ ਬਾਬਾ ਅਮਨਪ੍ਰੀਤ ਸਿੰਘ ਨੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਇਸ ਲਈ ਦੁਖੀ ਹੈ ਕਿ ਦੂਜੇ ਮਨੁੱਖ ਨੂੰ ਸੁੱਖ-ਸਹੂਲਤ ਪ੍ਰਮਾਤਮਾ ਨੇ ਕਿਉਂ ਦਿੱਤੀਆਂ ਹਨ। ਸਾਨੂੰ ਸਬਰ-ਸੰਤੋਖ ’ਚ ਰਹਿੰਦਿਆਂ ਮਿਲੀਆਂ ਦਾਤਾਂ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਪ੍ਰਮਾਤਮਾ ਦੇ ਭਾਣੇ ’ਚ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਮਾਗਮ ’ਚ ਹਰਮੋਹਿੰਦਰ ਕੌਰ ਧਰਮ ਸੁਪਤਨੀ ਬਾਬਾ ਭਗਵੰਤ ਭਜਨ ਸਿੰਘ, ਡੇਰੇ ਦੇ ਮੁੱਖ ਪ੍ਰਬੰਧਕ ਜੋਬਨਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੁੱਖ ਸਿੰਘ, ਜਸਵਿੰਦਰ ਕੌਰ, ਮਨਜੀਤ ਕੌਰ, ਵਿਸ਼ਾਲ, ਪੰਕਜ, ਰਾਜੀਵ ਆਦਿ ਹਾਜ਼ਰ ਸਨ।