ਨਸ਼ੇ ਮਨੁੱਖ ਨੂੰ ਹੀਣਾ ਬਣਾ ਦਿੰਦੇ ਨੇ : ਸੁਖਵਿੰਦਰ ਕੁਮਾਰ
ਸਕੂਲ ਆਫ ਐਮੀਨੈਂਸ ਲਾਡੋਵਾਲੀ ਰੋਡ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Thu, 12 Mar 2026 08:05 PM (IST)
Updated Date: Thu, 12 Mar 2026 08:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਕੂਲ ਆਫ ਐਮੀਨੈਂਸ, ਲਾਡੋਵਾਲੀ ਰੋਡ ਦੇ ਐੱਨਐੱਸਐੱਸ ਯੂਨਿਟ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ ਦੀ ਅਗਵਾਈ ਹੇਠ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਲੈਕਚਰਾਰ ਸੁਖਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਕਾਰਨ ਸਮਾਜਿਕ, ਆਰਥਿਕ, ਸਰੀਰਕ ਤੇ ਪਰਿਵਾਰਕ ਜੀਵਨ ’ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਮਨੁੱਖ ਨੂੰ ਸਮਾਜ ’ਚ ਹੀਣ ਬਣਾ ਦਿੰਦੇ ਹਨ। ਨਸ਼ਾਗ੍ਰਸਤ ਵਿਅਕਤੀ ਨਾ ਸਿਰਫ ਆਪਣਾ ਨੁਕਸਾਨ ਕਰਦਾ ਹੈ, ਸਗੋਂ ਆਪਣੇ ਪਰਿਵਾਰ, ਸਮਾਜ ਤੇ ਦੇਸ਼ ਲਈ ਵੀ ਹਾਨੀਕਾਰਕ ਸਾਬਤ ਹੁੰਦਾ ਹੈ। ਇਸ ਲਈ ਸਾਨੂੰ ਇਸ ਬੁਰਾਈ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੇ ਸਾਥੀਆਂ, ਪਰਿਵਾਰਕ ਮੈਂਬਰਾਂ ਤੇ ਸੰਪਰਕ ’ਚ ਆਉਣ ਵਾਲੇ ਹਰ ਵਿਅਕਤੀ ਨੂੰ ਵੀ ਇਸ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੀ ਨਸ਼ਿਆਂ ਵਿਰੁੱਧ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਸਕੂਲ ਦੇ ਪ੍ਰਿੰਸੀਪਲ ਡਾ. ਯੋਗੇਸ਼ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਮਾੜੀਆਂ ਆਦਤਾਂ ਤੋਂ ਦੂਰ ਰਹਿਣ ਤੇ ਚੰਗੇ ਸੰਸਕਾਰਾਂ ਨਾਲ ਜੀਵਨ ਬਿਤਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਗੁਰਪ੍ਰੀਤ ਕੌਰ, ਰਾਧਿਕਾ ਥਾਪਰ ਸਮੇਤ ਹੋਰ ਅਧਿਆਪਕ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।