ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਸਭ ਤੋਂ ਕਾਰਗਰ ਉਪਰਾਲਾ : ਡਾ. ਗੁਪਤਾ
ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਸਭ ਤੋਂ ਕਾਰਗਰ ਉਪਰਾਲਾ : ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ
Publish Date: Wed, 04 Feb 2026 06:42 PM (IST)
Updated Date: Thu, 05 Feb 2026 04:06 AM (IST)

-ਵਿਸ਼ਵ ਕੈਂਸਰ ਦਿਵਸ ਮੌਕੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼, ਨਹਿਰੂ ਗਾਰਡਨ ਵਿਖੇ ਕੈਂਸਰ ਜਾਗਰੂਕਤਾ ਸੈਮੀਨਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ‘ਵਿਸ਼ਵ ਕੈਂਸਰ ਦਿਵਸ’ ਮੌਕੇ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਵਿਖੇ ਕੈਂਸਰ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਦੀ ਅਗਵਾਈ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਕੀਤੀ ਗਈ। ਸੈਮੀਨਾਰ ਦੌਰਾਨ ਸਕੂਲੀ ਵਿਦਿਆਰਥਣਾਂ ਨੂੰ ਕੈਂਸਰ ਦੀਆਂ ਵੱਖ-ਵੱਖ ਕਿਸਮਾਂ, ਉਨ੍ਹਾਂ ਦੇ ਕਾਰਨਾਂ, ਲੱਛਣਾਂ ਤੇ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਵਿਦਿਆਰਥਣਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ, ਸਬੰਧੀਆਂ ਤੇ ਸਮਾਜ ’ਚ ਹੋਰ ਲੋਕਾਂ ਨੂੰ ਵੀ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਡਾ. ਰਮਨ ਗੁਪਤਾ ਨੇ ਬ੍ਰੈਸਟ ਕੈਂਸਰ ਤੇ ਸਰਵਾਈਕਲ ਕੈਂਸਰ ਦੀ ਮੁੱਢਲੇ ਪੱਧਰ ’ਤੇ ਪਛਾਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿਯਮਿਤ ਸਵੈ-ਜਾਂਚ, ਸਮੇਂ ਸਿਰ ਸਕ੍ਰੀਨਿੰਗ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਕੈਂਸਰ ਦੇ ਜੋਖਮ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ ਤੇ ਇਸ ਪ੍ਰਤੀ ਹਰ ਵਰਗ ਨੂੰ ਸਚੇਤ ਰਹਿਣ ਦੀ ਲੋੜ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਟੀਕਾਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਟੀਕਾਕਰਨ ਲੜਕੀਆਂ ਨੂੰ ਭਵਿੱਖ ’ਚ ਇਸ ਘਾਤਕ ਬੀਮਾਰੀ ਤੋਂ ਬਚਾਉਣ ’ਚ ਅਹਿਮ ਭੂਮਿਕਾ ਨਿਭਾਂਦਾ ਹੈ। ਓਨਕੋਲੋਜਿਸਟ ਸਿਵਲ ਹਸਪਤਾਲ ਜਲੰਧਰ ਡਾ. ਪ੍ਰਭਸ਼ਰਨ ਨੇ ਕੈਂਸਰ ਦੇ ਵੱਖ-ਵੱਖ ਰੂਪਾਂ ਬਾਰੇ ਜਾਣਕਾਰੀ ਦਿੰਦਿਆਂ ਓਰਲ ਕੈਂਸਰ ਪ੍ਰਤੀ ਵਿਸ਼ੇਸ਼ ਤੌਰ ’ਤੇ ਸਚੇਤ ਕੀਤਾ। ਉਨ੍ਹਾਂ ਕਿਹਾ ਕਿ ਤੰਬਾਕੂ, ਗੁਟਖਾ, ਪਾਨ-ਮਸਾਲਾ ਤੇ ਸਿਗਰਟਨੋਸ਼ੀ ਓਰਲ ਕੈਂਸਰ ਦੇ ਮੁੱਖ ਕਾਰਨ ਹਨ ਤੇ ਸਮੇਂ ਸਿਰ ਪਛਾਣ ਨਾਲ ਇਸ ਦਾ ਇਲਾਜ ਸੰਭਵ ਹੈ। ਸੈਮੀਨਾਰ ਦੌਰਾਨ ਆਰਬੀਐੱਸਕੇ ਟੀਮ ਦੇ ਡਾ. ਦੇਵ, ਡਿਪਟੀ ਐੱਮਈਆਈਓ ਅਸੀਮ ਸ਼ਰਮਾ ਤੇ ਡਾ. ਮੋਨਿਕਾ ਕਾਮਨਾ ਵੱਲੋਂ ਵੀ ਵਿਦਿਆਰਥਣਾਂ ਨੂੰ ਕੈਂਸਰ ਸਮੇਤ ਹੋਰ ਗੈਰ-ਸੰਚਾਰੀ ਬੀਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦੇ ਬੀਮਾ ਕਵਰ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਤੇ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਕੂਲ ਪ੍ਰਿੰਸੀਪਲ ਗੋਹਰੀਨਾ ਨੇ ਸਿਵਲ ਸਰਜਨ ਦਫ਼ਤਰ ਜਲੰਧਰ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥਣਾਂ ਨੂੰ ਸਿਹਤ ਪ੍ਰਤੀ ਸਚੇਤ ਤੇ ਸਸ਼ਕਤ ਬਣਾਉਣ ’ਚ ਮਦਦਗਾਰ ਸਾਬਤ ਹੁੰਦੇ ਹਨ। ਇਸ ਮੌਕੇ ਵੋਕੇਸ਼ਨਲ ਟ੍ਰੇਨਰ ਸ਼ਿਖਾ ਤੇ ਸਤਵਿੰਦਰ ਕੌਰ ਵੀ ਹਾਜ਼ਰ ਸਨ।