ਅਣਪਛਾਤੀ ਗੱਡੀ ਦੀ ਟੱਕਰ ਨਾਲ ਆਟੋ ਪਲਟਿਆ, ਚਾਰ ਜ਼ਖ਼ਮੀ
ਅਣਪਛਾਤੀ ਗੱਡੀ ਦੀ ਟੱਕਰ ਨਾਲ ਆਟੋ ਪਲਟਿਆ
Publish Date: Sat, 07 Feb 2026 07:35 PM (IST)
Updated Date: Sun, 08 Feb 2026 04:11 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਦੋ ਦੀ ਹੱਦ ’ਚ ਪੈਂਦੇ ਪਟੇਲ ਚੌਕ ’ਚ ਸਵਾਰੀਆਂ ਲੈ ਕੇ ਜਾ ਰਹੇ ਆਟੋ ਨੂੰ ਇਕ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਆਟੋ ਪਲਟ ਗਿਆ। ਹਾਦਸੇ ਦੌਰਾਨ ਆਟੋ ’ਚ ਚਾਰ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਸਿਵਲ ਹਸਪਤਾਲ ’ਚ ਦਾਖ਼ਲ ਇੰਦਰਪਾਲ ਸਿੰਘ ਵਾਸੀ ਸੰਗਤ ਸਿੰਘ ਨਗਰ ਨੇ ਦੱਸਿਆ ਕਿ ਉਹ ਆਟੋ (ਪੀਬੀ08-ਐੱਫਐੱਚ-1538) ਚਲਾਉਂਦਾ ਹੈ। ਬੀਤੇ ਦਿਨੀਂ ਉਹ ਆਪਣੇ ਆਟੋ ’ਚ ਤਿੰਨ ਸਵਾਰੀਆਂ ਲੈ ਕੇ ਪਟੇਲ ਚੌਕ ਵੱਲ ਜਾ ਰਿਹਾ ਸੀ। ਜਦ ਉਹ ਪਟੇਲ ਚੌਕ ਨੇੜੇ ਪਹੁੰਚਿਆ ਤਾਂ ਇਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਆਪਣੇ ਆਟੋ ਤੋਂ ਕੰਟਰੋਲ ਗੁਆ ਬੈਠਾ ਤੇ ਆਟੋ ਪਲਟ ਗਿਆ। ਆਟੋ ਪਲਟਣ ਨਾਲ ਉਹ ਤੇ ਆਟੋ ’ਚ ਬੈਠੀਆਂ ਤਿੰਨੇ ਸਵਾਰੀਆਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਗੱਡੀ ਚਾਲਕ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦੋ ਦੇ ਏਐੱਸਆਈ ਵਿਜੇ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਜ਼ਖ਼ਮੀ ਸਵਾਰੀਆਂ ਤੇ ਚਾਲਕ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਏਐੱਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਚਾਲਕ ਇੰਦਰਪਾਲ ਸਿੰਘ ਦੇ ਬਿਆਨਾਂ ’ਤੇ ਅਣਪਛਾਤੀ ਕਾਰ ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲਨੀ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਜਲਦੀ ਕਾਰ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ।