ਜਾਨਲੇਵਾ ਹਮਲਾ ਕਰਕੇ ਲੁੱਟਣ ਦੀ ਕੀਤੀ ਕੋਸ਼ਿਸ਼
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Fri, 03 Apr 2026 01:40 AM (IST)
Updated Date: Fri, 03 Apr 2026 01:43 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਦੇ ਲੈਦਰ ਕੰਪਲੈਕਸ ਚੌਕੀ ਨੇੜੇ ਵੀਰਵਾਰ ਰਾਤ ਨੂੰ ਲੁਟੇਰਿਆਂ ਨੇ ਪਹਿਲਾਂ ਸਕੂਟਰ ਸਵਾਰ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਫਿਰ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਵਿਅਕਤੀ ਦਾ ਰੌਲਾ ਸੁਣ ਕੇ ਇਲਾਕੇ ਦੇ ਲੋਕ ਘਰਾਂ ’ਚੋਂ ਬਾਹਰ ਆ ਗਏ। ਇਕ ਨੌਜਵਾਨ ਨੇ ਦੱਸਿਆ ਕਿ ਸਥਾਨਕ ਬਜ਼ੁਰਗ ਔਰਤ ਨੇ ਵੇਖਿਆ ਕਿ ਚਾਰ ਲੁਟੇਰੇ ਸਕੂਟਰ ਸਵਾਰ ਵਿਅਕਤੀ ਨਾਲ ਹੱਥੋਪਾਈ ਕਰ ਰਹੇ ਸਨ। ਜਦੋਂ ਤੱਕ ਹੋਰ ਸਥਾਨਕ ਲੋਕ ਇਕੱਠੇ ਹੁੰਦੇ ਲੁਟੇਰੇ ਉਥੋਂ ਭੱਜ ਚੁੱਕੇ ਸਨ।
ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੀਸੀਆਰ ਦੇ ਪੁਲਿਸ ਮੁਲਾਜ਼ਮ ਪੁੱਜੇ। ਉਨ੍ਹਾਂ ਨੇ ਵੇਖਿਆ ਕਿ ਵਿਅਕਤੀ ਦੀ ਹਾਲਤ ਕਾਫੀ ਗੰਭੀਰ ਸੀ। ਜਦੋਂ ਪੁਲਿਸ ਨੇ ਵਿਅਕਤੀ ਕੋਲ ਪਏ ਸਾਮਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਪਰਸ ਉਥੇ ਹੀ ਡਿੱਗਿਆ ਹੋਇਆ ਸੀ ਤੇ ਸਕੂਟਰ ਵੀ ਉਥੇ ਸੀ ਪਰ ਉਸ ਕੋਲੋਂ ਫੋਨ ਨਹੀਂ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਚੰਦ ਕੁ ਕਦਮਾਂ ਦੀ ਦੂਰੀ ’ਤੇ ਲੈਦਰ ਕੰਪਲੈਕਸ ਚੌਕੀ ਸੀ ਪਰ ਉਥੇ ਕੋਈ ਵੀ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਾ। ਆਖਿਰਕਾਰ ਪੀਸੀਆਰ ਦੇ ਪੁਲਿਸ ਅਧਿਕਾਰੀਆਂ ਨੇ ਸਰਕਾਰੀ ਗੱਡੀ ’ਚ ਉਸ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭੇਜਿਆ।