ਸਾਬਕਾ ਮੇਅਰ ਦੇ ਪੈਟਰੋਲ ਪੰਪ ’ਤੇ ਲੁੱਟ ਦਾ ਕੋਸ਼ਿਸ਼, ਦੋ ਕਾਬੂ
ਜਾਸ, ਜਲੰਧਰ : ਟ੍ਰਾਂਸਪੋਰਟ
Publish Date: Sun, 08 Mar 2026 12:58 AM (IST)
Updated Date: Sun, 08 Mar 2026 01:03 AM (IST)
ਜਾਸ, ਜਲੰਧਰ : ਟ੍ਰਾਂਸਪੋਰਟ ਨਗਰ ਸਥਿਤ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੇ ਪੈਟਰੋਲ ਪੰਪ ’ਤੇ ਸ਼ਨਿਚਰਵਾਰ ਨੂੰ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਚਾਰ ਨੌਜਵਾਨ ਉੱਥੇ ਪੁੱਜੇ ਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉੱਥੇ ਮੌਜੂਦ ਲੋਕਾਂ ਦੀ ਚੌਕਸੀ ਕਾਰਨ ਦੋ ਨੌਜਵਾਨਾਂ ਨੂੰ ਫੜ ਲਿਆ ਗਿਆ, ਜਦਕਿ ਉਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਰਹੇ।
ਜਾਣਕਾਰੀ ਅਨੁਸਾਰ ਲੁੱਟ ਦੀ ਨੀਅਤ ਨਾਲ ਆਏ ਨੌਜਵਾਨਾਂ ਨੇ ਪੈਟਰੋਲ ਪੰਪ 'ਤੇ ਤਾਇਨਾਤ ਸੁਰੱਖਿਆ ਗਾਰਡ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਸੁਰੱਖਿਆ ਗਾਰਡ ਵਿਜੇ ਸ਼ੰਕਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੌਜਵਾਨ ਇਕ ਗੱਡੀ ’ਚ ਆਏ ਸਨ। ਸੁਰੱਖਿਆ ਗਾਰਡ ਵਿਜੇ ਸ਼ੰਕਰ ਨੇ ਦੱਸਿਆ ਕਿ ਜਿਵੇਂ ਹੀ ਨੌਜਵਾਨ ਪੈਟਰੋਲ ਪੰਪ ’ਤੇ ਪੁੱਜੇ, ਉਨ੍ਹਾਂ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਨੌਜਵਾਨ ਨੇ ਉਸ ਨੂੰ ਫੜ ਲਿਆ, ਜਦਕਿ ਬਾਕੀ ਦੋ ਜਣਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਦੇ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਹਿੰਮਤ ਦਿਖਾਉਂਦਿਆਂ ਦੋ ਮੁਲਜ਼ਮਾਂ ਨੂੰ ਫੜ ਕਰ ਲਿਆ, ਜਦਕਿ ਦੋ ਹੋਰ ਫਰਾਰ ਹੋ ਗਏ। ਪੂਰੀ ਘਟਨਾ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਜਾਣਕਾਰੀ ਮਿਲਣ ਮਗਰੋਂ ਥਾਣਾ 8 ਦੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਟਰੋਲ ਪੰਪ 'ਤੇ ਝਗੜੇ ਦੀ ਜਾਣਕਾਰੀ ਮਿਲੀ ਸੀ ਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।