ਬਾਊਪੁਰ ’ਚ ਚੱਲੀਆਂ ਗੋਲ਼ੀਆਂ, ਕੀਤੀ ਭੰਨਤੋੜ
ਬਾਊਪੁਰ ‘ਚ ਹਮਲਾਵਰਾਂ ਨੇ ਵਿਅਕਤੀ ‘ਤੇ ਚਲਾਈਆਂ ਗੋਲੀਆਂ
Publish Date: Fri, 16 Jan 2026 11:10 PM (IST)
Updated Date: Fri, 16 Jan 2026 11:12 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨਜ਼ਦੀਕੀ ਪਿੰਡ ਬਾਊਪੁਰ ਵਿਖੇ ਹਮਲਾਵਰਾਂ ਵੱਲੋਂ ਇੱਕ ਵਿਅਕਤੀ ‘ਤੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਭੰਨ-ਤੋੜ ਵੀ ਕੀਤੀ ਗਈ। ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਪਿੰਡ ਬਾਊਪੁਰ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਪਿੰਡ ਦੇ ਹੀ ਕੁਝ ਸ਼ਰਾਰਤੀ ਨੌਜਵਾਨਾਂ ਨੇ ਉਸ ਦੇ ਲੜਕੇ ਨਾਲ ਗਾਲੀ-ਗਲੋਚ ਕੀਤੀ ਸੀ। ਜਦੋਂ ਲੜਕੇ ਨੇ ਘਰ ਆ ਕੇ ਦੱਸਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦੇਣ ਬਾਰੇ ਗੱਲ ਕੀਤੀ ਅਤੇ ਪਿੰਡ ਦੇ ਮੋਹਤਬਰਾਂ ਦੇ ਧਿਆਨ ’ਚ ਵੀ ਇਹ ਗੱਲ ਲਿਆਂਦੀ। 14 ਜਨਵਰੀ ਨੂੰ ਮੁਲਜ਼ਮ ਫਿਰ ਘਰ ਦੇ ਬਾਹਰ ਆ ਕੇ ਗਾਲ੍ਹਾਂ ਕੱਢਣ ਲੱਗੇ। ਇਸ ਦੌਰਾਨ ਜਦੋਂ ਉਸ ਦਾ ਲੜਕਾ ਪੁਲਿਸ ਨੂੰ ਦਰਖਾਸਤ ਦੇਣ ਜਾ ਰਿਹਾ ਸੀ ਤਾਂ ਪਿੰਡ ਰਾਮਪੁਰ ਨੇੜੇ ਗੱਡੀਆਂ ਤੇ ਸਵਾਰ 15-20 ਨੌਜਵਾਨਾਂ ਨੇ ਉਸਦਾ ਪਿੱਛਾ ਕੀਤਾ। ਲੜਕੇ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਜਾਨ ਬਚਾਈ ਤੇ ਪਿੰਡ ਪੁੱਜ ਕੇ ਪਿਤਾ ਨੂੰ ਫੋਨ ’ਤੇ ਸੂਚਨਾ ਦਿੱਤੀ। ਬਲਜੀਤ ਸਿੰਘ ਮੁਤਾਬਕ ਜਿਵੇਂ ਹੀ ਉਹ ਘਰ ਪੁੱਜਾ ਹਮਲਾਵਰਾਂ ਨੇ ਅਚਾਨਕ ਗੋਲ਼ੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਕਰੀਬ 7 ਫਾਇਰ ਕੀਤੇ। ਇਸ ਤੋਂ ਬਾਅਦ ਹਮਲਾਵਰਾਂ ਨੇ ਦਾਤਰ, ਖੰਡੇ ਤੇ ਬੇਸਬੇਟ ਨਾਲ ਉਨ੍ਹਾਂ ਦੀ ਜ਼ੈੱਨ ਕਾਰ, ਮੋਟਰਸਾਈਕਲ ਤੇ ਹੋਰ ਸਾਮਾਨ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਦੇ ਬਿਆਨਾਂ ’ਤੇ ਪੁਲਿਸ ਨੇ ਕਮਲਜੀਤ ਸਿੰਘ ਉਰਫ਼ ਕਮਲੀ, ਲਵਪ੍ਰੀਤ ਸਿੰਘ ਉਰਫ਼ ਲੱਭੀ, ਦੁਰਗਾ ਉਰਫ਼ ਸੋਨੂੰ, ਗੁਰਸੇਵਕ ਸਿੰਘ ਸਾਬੀ (ਸਾਰੇ ਵਾਸੀ ਬਾਊਪੁਰ ਬੇਟ), ਸੰਦੀਪ ਸਿੰਘ ਵਾਸੀ ਬੂੜੇਵਾਲ ਸਮੇਤ 15 ਹੋਰਨਾਂ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।