ਰੰਜਿਸ਼ ਕਾਰਨ ਘਰ 'ਤੇ ਹਮਲਾ
ਪੁਰਾਣੀ ਰੰਜਿਸ਼ ਕਾਰਨ ਘਰ 'ਤੇ ਹਮਲਾ
Publish Date: Wed, 18 Feb 2026 11:00 PM (IST)
Updated Date: Wed, 18 Feb 2026 11:03 PM (IST)
-- ਪੀੜਤ ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੇ ਅਧਿਕਾਰ ਖੇਤਰ ਅਧੀਨ ਬਾਬੂ ਲਾਭ ਸਿੰਘ ਨਗਰ ’ਚ ਕੁਝ ਨੌਜਵਾਨਾਂ ਵੱਲੋਂ ਇਕ ਪਰਿਵਾਰ 'ਤੇ ਪੁਰਾਣੀ ਰੰਜਿਸ਼ ਕਾਰਨ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਹ ਹਮਲਾ ਅਦਾਲਤੀ ਮਾਮਲੇ ’ਚ ਸਮਝੌਤਾ ਕਰਵਾਉਣ ਲਈ ਦਬਾਅ ਪਾਉਣ ਲਈ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਤੇ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਧਿਰ ਅਨੁਸਾਰ ਪਿਛਲੀ ਦੀਵਾਲੀ 'ਤੇ ਆਂਢ-ਗੁਆਂਢ ਦੇ ਕੁਝ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਪਟਾਕੇ ਚਲਾ ਰਹੇ ਸਨ। ਉਸ ਸਮੇਂ ਪਰਿਵਾਰ ਨੇ ਉਨ੍ਹਾਂ ਨੂੰ ਪਟਾਕੇ ਨਾ ਚਲਾਉਣ ਦੀ ਬੇਨਤੀ ਕੀਤੀ ਸੀ ਕਿਉਂਕਿ ਘਰ ’ਚ ਇਕ ਬਜ਼ੁਰਗ ਔਰਤ ਨੂੰ ਸਾਹ ਲੈਣ ਵਿੱਚ ਤਕਲੀਫ਼ ਸੀ। ਦੋਸ਼ ਹੈ ਕਿ ਝਗੜਾ ਹੋਇਆ। ਪੁਲਿਸ ਨੇ ਇਸ ਸਬੰਧੀ ਇਕ ਮਾਮਲਾ ਦਰਜ ਕੀਤਾ ਹੈ, ਜੋ ਇਸ ਸਮੇਂ ਅਦਾਲਤ ’ਚ ਵਿਚਾਰ ਅਧੀਨ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਵਿਚਕਾਰ ਹਾਲ ਹੀ ’ਚ ਸਮਝੌਤਾ ਤੈਅ ਹੋਇਆ ਸੀ। ਦੋਸ਼ ਹੈ ਕਿ ਨੌਜਵਾਨਾਂ ਨੇ ਅਦਾਲਤ ਦੇ ਬਾਹਰ ਉਸ ਨਾਲ ਦੁਰਵਿਵਹਾਰ ਕੀਤਾ ਤੇ ਸਮਝੌਤਾ ਕਰਨ ਲਈ ਦਬਾਅ ਪਾਇਆ। ਜਦੋਂ ਮਾਮਲਾ ਸਿਰੇ ਨਹੀਂ ਚੜ੍ਹਿਆ ਤਾਂ ਦੇਰ ਰਾਤ ਕੁਝ ਹਥਿਆਰਬੰਦ ਵਿਅਕਤੀ ਉਸ ਦੇ ਘਰ ਪਹੁੰਚੇ ਤੇ ਉਸ 'ਤੇ ਹਮਲਾ ਕਰ ਦਿੱਤਾ। ਹੰਗਾਮਾ ਸੁਣ ਕੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਪੀੜਤ ਪਰਿਵਾਰ ਨੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਤੱਥ ਸਾਹਮਣੇ ਆਉਣ 'ਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।