ਭਾਜਪਾ ਮੁੱਖ ਦਫ਼ਤਰ ‘ਤੇ ਹਮਲਾ ਨਿੰਦਣਯੋਗ : ਇੰਜੀ. ਰਖੇਜਾ
ਪੰਜਾਬ ਭਾਜਪਾ ਮੁੱਖ ਦਫ਼ਤਰ ‘ਤੇ ਹਮਲਾ ਬਹੁਤ ਹੀ ਸ਼ਰਮਨਾਕ ਤੇ ਨਿੰਦਣਯੋਗ – ਇੰਜੀ. ਚੰਦਨ ਰਖੇਜਾ
Publish Date: Thu, 02 Apr 2026 08:30 PM (IST)
Updated Date: Thu, 02 Apr 2026 08:34 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਚੰਡੀਗੜ੍ਹ ਦੇ ਸੈਕਟਰ 37 'ਚ ਸਥਿਤ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ’ਤੇ ਹੋਏ ਗ੍ਰੈਨੇਡ ਬਲਾਸਟ ਦੀ ਘਟਨਾ ਨੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਲਕਾ ਜਲੰਧਰ ਕੇਂਦਰੀ ਤੋਂ ਭਾਜਪਾ ਦੇ ਨੌਜਵਾਨ ਆਗੂ ਇੰਜੀ. ਚੰਦਨ ਰਖੇਜਾ ਨੇ ਇਸ ਹਮਲੇ ਦੀ ਕਰੜੇ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਦਲ ਦੇ ਦਫ਼ਤਰ ’ਤੇ ਹਮਲਾ ਸਿਰਫ਼ ਇਕ ਪਾਰਟੀ ’ਤੇ ਨਹੀਂ, ਸਗੋਂ ਲੋਕਤਾਂਤਰਿਕ ਪ੍ਰਣਾਲੀ ਤੇ ਰਾਜਨੀਤਿਕ ਕਦਰਾਂ-ਕੀਮਤਾਂ ’ਤੇ ਸਿੱਧਾ ਹਮਲਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਸੂਬੇ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ ਤੇ ਇਹ ਦਰਸਾਉਂਦੀਆਂ ਹਨ ਕਿ ਕੁਝ ਸ਼ਰਾਰਤੀ ਤੱਤ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੂਰੇ ਮਾਮਲੇ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇੰਜੀ. ਰਖੇਜਾ ਨੇ ਹੁਸ਼ਿਆਰਪੁਰ ’ਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਨਾਲ ਹੋਈ ਬੇਅਦਬੀ ਦੀ ਘਟਨਾ ਨੂੰ ਵੀ ਬਹੁਤ ਹੀ ਦੁਖਦਾਇਕ ਤੇ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਸਿਰਫ਼ ਇਕ ਮਹਾਨ ਨੇਤਾ ਹੀ ਨਹੀਂ ਸਗੋਂ ਭਾਰਤੀ ਸੰਵਿਧਾਨ ਦੇ ਰਚੇਤਾ ਤੇ ਕਰੋੜਾਂ ਲੋਕਾਂ ਲਈ ਪ੍ਰੇਰਣਾ ਦੇ ਸਰੋਤ ਹਨ। ਇਸ ਤਰ੍ਹਾਂ ਦੀ ਘਟਨਾ ਸਮਾਜ ’ਚ ਫੁੱਟ ਪੈਦਾ ਕਰਨ ਦੀ ਸਾਜ਼ਿਸ਼ ਹੈ, ਜਿਸ ਦੀ ਨਿੰਦਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਵਾਂ ਘਟਨਾਵਾਂ ਦੀ ਤੁਰੰਤ ਜਾਂਚ ਕਰਕੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।