ਅਰੁਣਾਚਲ ’ਚ ਚੀਨੀ ਨਾਮਕਰਨ ਤੋਂ ਭੜਕਿਆ ਭਾਰਤ
ਚੀਨ ਦਾ ਇਹ ਕਦਮ
Publish Date: Sun, 12 Apr 2026 09:08 PM (IST)
Updated Date: Sun, 12 Apr 2026 09:13 PM (IST)

ਚੀਨ ਦਾ ਇਹ ਕਦਮ ਸ਼ਰਾਰਤ ਭਰਿਆ ਪਹਿਲਾਂ ਮਕਬੂਜ਼ਾ ਕਸ਼ਮੀਰ ਕੋਲ ਵੀ ਬਣਾਈ ਸੀ ਨਵੀਂ ਕਾਊਂਟੀ ਨਵੀਂ ਦਿੱਲੀ (ਪੀਟੀਆਈ) : ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਸਮੇਤ ਕੁਝ ਸਥਾਨਾਂ ਦੇ ਮਨਘੜੰਤ ਨਾਮਕਰਨ ’ਤੇ ਭਾਰਤ ਨੇ ਐਤਵਾਰ ਨੂੰ ਤਿੱਖੀ ਪ੍ਰਤੀਕਿਰਿਆ ਜਤਾਈ। ਭਾਰਤ ਨੇ ਕਿਹਾ ਕਿ ਬੇਬੁਨਿਆਦ ਨੈਰੇਟਿਵ ਬਣਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਚੀਨ ਦਾ ਇਹ ਕਦਮ ਸ਼ਰਾਰਤਪੂਰਨ ਹੈ ਤੇ ਇਸ ਨਾਲ ਅਸਲੀਅਤ ਨਹੀਂ ਬਦਲ ਸਕਦੀ ਪਰ ਦੋਪੱਖੀ ਸਬੰਧਾਂ ਨੂੰ ਆਮ ਬਣਾਉਣ ਦੀਆਂ ਜਾਰੀ ਕੋਸ਼ਿਸ਼ਾਂ ’ਤੇ ਅਸਰ ਜ਼ਰੂਰ ਪੈ ਸਕਦਾ ਹੈ। ਇੰਨਾ ਹੀ ਨਹੀਂ ਚੀਨ ਨੇ ਆਪਣੇ ਅਸ਼ਾਂਤ ਸ਼ਿਨਜਿਆਂਗ ਸੂਬੇ ’ਚ ਮਕਬੂਜ਼ਾ ਜੰਮੂ-ਕਸ਼ਮੀਰ ਤੇ ਅਫਗਾਨਿਸਤਾਨ ਸਰਹੱਦ ਦੇ ਨੇੜੇ ਸੇਨਲਿੰਗ ਨਾਂ ਦੀ ਇਕ ਨਵੀਂ ਕਾਊਂਟੀ (ਜ਼ਿਲ੍ਹਾ) ਵੀ ਬਣਾਈ ਹੈ। ਪਿਛਲੇ ਇਕ ਸਾਲ ’ਚ ਇਹ ਅਜਿਹੀ ਤੀਜੀ ਕਾਊਂਟੀ ਹੈ। ਭਾਰਤ ਨੇ ਪਹਿਲਾਂ ਦੀਆਂ ਦੋ ਕਾਊਂਟੀਆਂ ਦੇ ਗਠਨ ’ਤੇ ਆਪਣਾ ਵਿਰੋਧ ਦਰਜ ਕਰਵਾਇਆ ਸੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ,‘ਭਾਰਤੀ ਖੇਤਰ ਦੇ ਸਥਾਨਾਂ ਨੂੰ ਮਨਘੜੰਤ ਨਾਂ ਦੇਣ ਦੇ ਚੀਨੀ ਪੱਖ ਦੀ ਕਿਸੇ ਵੀ ਸ਼ਰਾਰਤਪੂਰਨ ਕੋਸ਼ਿਸ਼ ਨੂੰ ਭਾਰਤ ਸਪਸ਼ਟ ਤੌਰ ’ਤੇ ਖਾਰਜ ਕਰਦਾ ਹੈ। ਝੂਠੇ ਦਾਅਵੇ ਤੇ ਮਨਘੜੰਤ ਨੈਰੇਟਿਵ ਬਣਾਉਣ ਦੇ ਚੀਨ ਦੀ ਇਹ ਕੋਸ਼ਿਸ਼ ਇਸ ਅਟੱਲ ਸੱਚਾਈ ਨੂੰ ਨਹੀਂ ਬਦਲ ਸਕਦੀ ਕਿ ਅਰੁਣਾਚਲ ਪ੍ਰਦੇਸ਼ ਸਮੇਤ ਇਹ ਸਥਾਨ ਤੇ ਖੇਤਰ ਭਾਰਤ ਦਾ ਇਕ ਅਟੁੱਟ ਤੇ ਅਣਵੰਡਿਆ ਹਿੱਸਾ ਸੀ, ਹੈ ਤੇ ਰਹੇਗਾ।’ ਉਨ੍ਹਾਂ ਕਿਹਾ ਕਿ ਚੀਨ ਦੇ ਇਹ ਕਦਮ ਭਾਰਤ-ਚੀਨ ਦੋਪੱਖੀ ਸਬੰਥਾਂ ਨੂੰ ਸਥਿਰ ਤੇ ਆਮ ਬਣਾਉਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੇ ਹਨ। ਚੀਨ ਨੂੰ ਇਸ ਤਰ੍ਹਾਂ ਦੇ ਕੰਮਾਂ ਤੋਂ ਬਚਨਾ ਚਾਹੀਦਾ, ਜੋ ਸਬੰਧਾਂ ’ਚ ਨਾਕਾਰਤਮਕਤਾ ਲਿਆਉਂਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਉਸ ਸਮੇਂ ਵੀ ਸਖ਼ਤ ਪ੍ਰਤੀਕਿਰਿਆ ਜਤਾਈ ਸੀ ਜਦ ਚੀਨ ਨੇ ਅਪ੍ਰੈਲ 2024 ਤੇ ਪਿਛਲੇ ਸਾਲ ਮਈ ’ਚ ਅਰੁਣਾਚਲ ਪ੍ਰਦੇਸ਼ਨ ਦੇ ਕੁਝ ਸਥਾਨਾਂ ਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਚੀਨ ਨੇ ਹਾਲ ’ਚ ਸ਼ਿਨਜਿਆਂਗ ਸੂਬੇ ’ਚ ਮਕਬੂਜ਼ਾ ਜੰਮੂ-ਕਸ਼ਮੀਰ ਤੇ ਅਫਗਾਨਿਸਤਾਨ ਸਰਹੱਦ ਦੇ ਨੇੜੇ ਸੇਨਲਿੰਗ ਨਾਂ ਨਾਲ ਜੋ ਨਵੀਂ ਕਾਊਂਟੀ ਬਣਾਈ ਹੈ, ਉਹ ਕਾਰਾਕੋਰਮ ਪਰਬਤ ਲੜੀ ਦੇ ਨੇੜੇ ਹੈ। ਦਾਅਵਾ ਹੈ ਕਿ ਉਸ ਨੇ ਇਹ ਕਦਮ ਭੀੜੇ ਵਾਖਾਨ ਕੌਰੀਡੋਰ ਦੇ ਆਲੇ-ਦੁਆਲੇ ਸੁਰੱਖਿਆ ਵਧਾਉਣ ਤੇ ਵੱਖਵਾਦੀ ਉਈਗਰ ਅੱਤਵਾਦੀਆਂ ਦੀ ਘੁਸਪੈਠ ਰੋਕਨ ਦੇ ਮਕਸਦ ਨਾਲ ਚੁੱਕਿਆ ਹੈ। ਸ਼ਿਨਜਿਆਂਗ ਉਈਗਰ ਖੁਦਮੁਖਤਿਆਰ ਖੇਤਰ ਦੀ ਸਰਕਾਰ ਨੇ 26 ਮਾਰਚ ਨੂੰ ਸੇਨਲਿੰਗ ਕਾਊਂਟੀ ਦੇ ਗਟਨ ਨੂੰ ਮਨਜ਼ੂਰੀ ਦਿੱਤੀ ਸੀ। ਇਹ ਕਾਸ਼ਗਰ ਸੂਬੇ ਦੇ ਅਧਿਕਾਰ ਖੇਤਰ ’ਚ ਆਏਗੀ। ਪਿਛਲੇ ਲਗਪਗ ਇਕ ਸਾਲ ’ਚ ਮੁਸਲਿਮ ਉਈਗਰ ਬਹੁਲ ਸ਼ਿਨਜਿਆਂਗ ਖੇਤਰ ’ਚ ਚੀਨ ਵੱਲੋਂ ਗਠਿਤ ਇਹ ਤੀਜੀ ਕਾਊਂਟੀ ਹੈ। ਪਿਛਲੇ ਸਾਲ ਭਾਰਤ ਨੇ ਹੀਨ ਤੇ ਹੇਕਾਂਗ ਕਾਊਂਟੀ ਦੇ ਗਠਨ ’ਤੇ ਆਪਣਾ ਵਿਰੋਧ ਦਰਜ ਕਰਵਾਇਆ ਸੀ। ਭਾਰਤ ਦਾ ਕਹਿਣਾ ਸੀ ਕਿ ਇਨ੍ਹਾਂ ਕਾਊਂਟੀ ਦਾ ਕੁਝ ਹਿੱਸਾ ਉਸ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਤਹਿਤ ਆਉਂਦਾ ਹੈ। ਹੀਨ ਕਾਊਂਟੀ ’ਚ ਵਿਵਾਦਗ੍ਰਸਤ ਚਿਨ ਪਠਾਰ ਦਾ ਇਕ ਵੱਡਾ ਹਿੱਸਾ ਸ਼ਾਮਲ ਹੈ। ਇਹ ਲੱਦਾਖ ਦਾ ਉਹ ਹਿੱਸਾ ਹੈ, ਜਿਸ ’ਤੇ ਚੀਨ ਨੇ 1962 ਦੀ ਜੰਗ ’ਚ ਕਬਜ਼ਾ ਕਰ ਲਿਆ ਸੀ ਤੇ ਜੋ ਭਾਰਤ-ਚੀਨ ਸਰਹੱਦੀ ਵਿਵਾਦ ਦਾ ਇਕ ਮੁੱਖ ਮੁੱਦਾ ਹੈ।