ਬਟਾਲਾ ਤੋਂ ਹੈਰੋਇਨ ਦੀ ਸਪਲਾਈ ਦੇਣ ਆਇਆ ਕਾਬੂ
ਬਟਾਲਾ ਤੋਂ ਹੈਰੋਇਨ ਦੀ ਸਪਲਾਈ ਦੇਣ ਆਇਆ ਕਾਬੂ
Publish Date: Tue, 06 Jan 2026 10:48 PM (IST)
Updated Date: Tue, 06 Jan 2026 10:50 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸਪੈਸ਼ਲ ਸੈਲ ਦੀ ਪੁਲਿਸ ਨੇ ਸਕੋਰਪੀਓ ਗੱਡੀ ’ਚ ਬਟਾਲਾ ਤੋਂ ਹੈਰੋਇਨ ਦੀ ਸਪਲਾਈ ਦੇਣ ਆਏ ਇਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਦੇ ਕਬਜ਼ੇ ’ਚੋਂ ਹੈਰੋਇਨ ਸਕਾਰਪੀਓ ਗੱਡੀ ਤੇ ਇਕ ਮੋਬਾਇਲ ਬਰਾਮਦ ਕਰਕੇ ਉਸ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਸੈਲ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖਬਰ ਨੇ ਸੂਚਨਾ ਦਿੱਤੀ ਸੀ ਕਿ ਇਕ ਸਕਾਰਪੀਓ ਗੱਡੀ ’ਚ ਇਕ ਨਸ਼ਾ ਤਸਕਰ ਸਿਵਲ ਲਾਈਨ ਇਲਾਕੇ ’ਚ ਕਿਸੇ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆਇਆ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐੱਸਆਈ ਵਿਜੇ ਕੁਮਾਰ ਨੇ ਦੱਸੀ ਹੋਈ ਥਾਂ ’ਤੇ ਨਾਕਾਬੰਦੀ ਕਰ ਦਿੱਤੀ। ਜਿਵੇਂ ਹੀ ਦੱਸੇ ਹੋਏ ਨੰਬਰ ਦੀ ਸਕਾਰਪਿਓ ਗੱਡੀ ਨਾਕੇ ਤੋਂ ਲੰਘਣ ਲੱਗੀ ਤਾਂ ਪੁਲਿਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਗੱਡੀ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਹੋਰ ਤੇਜ਼ ਕਰ ਲਈ। ਮੁਸਤੈਦ ਖੜ੍ਹੀ ਪੁਲਿਸ ਪਾਰਟੀ ਨੇ ਬੈਰੀਕੇਡ ਲਗਾ ਕੇ ਉਸਦੀ ਗੱਡੀ ਨੂੰ ਰੋਕਿਆ। ਜਦ ਗੱਡੀ ਚਾਲਕ ਕੋਲੋਂ ਉਸ ਦਾ ਨਾਂ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਖੁਸ਼ਵੰਤ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਬਟਾਲਾ ਦੱਸਿਆ। ਜਦ ਪੁਲਿਸ ਪਾਰਟੀ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ 20 ਗ੍ਰਾਮ ਹੈਰੋਇਨ ਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ ਜਿਸ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੈਲ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਖਿਲਾਫ ਐੱਨਡੀਪੀਐੱਸ ਤਹਿਤ ਥਾਣਾ ਬਾਰਾਦਰੀ ’ਚ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।