ਪਰਸ ਬਚਾਉਣ ਦੀ ਕੋਸ਼ਿਸ਼ ਕਰਦਿਆਂ ਔਰਤ ਦੀ ਬਾਂਹ ਟੁੱਟੀ
ਲੁਟੇਰਿਆਂ ਤੋਂ ਪਰਸ ਬਚਾਉਣ
Publish Date: Sat, 03 Jan 2026 09:42 PM (IST)
Updated Date: Sat, 03 Jan 2026 09:44 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਤਾਜ਼ੀ ਘਟਨਾ ਥਾਣਾ ਨੰਬਰ ਛੇ ਦੀ ਹੱਦ ਵਿਚ ਪੈਂਦੇ ਜੌਹਲ ਮਾਰਕੀਟ ਨੇੜੇ ਵਾਪਰੀ, ਜਿੱਥੇ ਇਕ ਬਾਈਕ ਸਵਾਰ ਲੁਟੇਰੇ ਨੇ ਅਮਰੀਕਾ ਤੋਂ ਆਏ ਇਕ ਐਨਆਰਆਈ ਜੋੜੇ ਨੂੰ ਨਿਸ਼ਾਨਾ ਬਣਾਇਆ। ਲੁਟੇਰੇ ਨੇ ਪਰਸ ਖੋਹਣ ਲਈ ਜਾਂਦੇ ਸਮੇਂ ਸਕੂਟਰ ਨੂੰ ਧੱਕਾ ਦੇ ਦਿੱਤਾ, ਜਿਸ ਨਾਲ ਔਰਤ ਗੰਭੀਰ ਜ਼ਖਮੀ ਹੋ ਗਈ। ਅਰਬਨ ਅਸਟੇਟ ਫੇਜ਼-1 ਵਾਸੀ ਤੇ ਅਮਰੀਕਾ ਤੋਂ ਮਰਚੈਂਟ ਨੇਵੀ ਦਾ ਸੇਵਾਮੁਕਤ ਮੁੱਖ ਇੰਜੀਨੀਅਰ ਸੁਰਿੰਦਰ ਸਿੰਘ ਆਪਣੀ ਪਤਨੀ ਨਰਿੰਦਰ ਕੌਰ ਨਾਲ ਐਕਟਿਵਾ ’ਤੇ ਮਾਡਲ ਟਾਊਨ ਜਾ ਰਿਹਾ ਸੀ। ਉਹ ਘਰ ’ਚ ਵਿਆਹ ਦੀ ਖਰੀਦਦਾਰੀ ਕਰਨ ਗਏ ਸਨ। ਜਦੋਂ ਉਹ ਜੌਹਲ ਮਾਰਕੀਟ ਪੁੱਜੇ ਤਾਂ ਪਿੱਛਿਓਂ ਤੋਂ ਇਕ ਨੌਜਵਾਨ ਆਇਆ ਤੇ ਨਰਿੰਦਰ ਕੌਰ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਨਰਿੰਦਰ ਕੌਰ ਨੇ ਪਰਸ ਛੱਡਣ ਤੋਂ ਇਨਕਾਰ ਕਰ ਦਿੱਤਾ ਪਰ ਖਿੱਚ-ਧੂੜ ’ਚ ਲੁਟੇਰੇ ਨੇ ਉਸ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਐਕਟਿਵਾ ਤੋਂ ਡਿੱਗ ਪਈ। ਸੁਰਿੰਦਰ ਸਿੰਘ ਨੇ ਤੁਰੰਤ ਲੁਟੇਰੇ ਦਾ ਪਿੱਛਾ ਕੀਤਾ ਪਰ ਉਹ ਤੰਗ ਗਲੀਆਂ ਦਾ ਲਾਹਾ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਰਾਹਗੀਰਾਂ ਨੇ ਹਮਦਰਦੀ ਦਿਖਾਉਂਦਿਆਂ ਜ਼ਖਮੀ ਔਰਤ ਨੂੰ ਇਕ ਆਟੋ ’ਚ ਹਸਪਤਾਲ ਪਹੁੰਚਾਇਆ, ਜਿੱਥੇ ਐਕਸ-ਰੇ ’ਚ ਬਾਂਹ ਦੀ ਹੱਡੀ ਟੁੱਟੀ ਹੋਈ ਦਿਖਾਈ ਦਿੱਤੀ। ਸੁਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਪਤਾ ਨਹੀਂ ਸੀ ਕਿ ਜਲੰਧਰ ’ਚ ਸਥਿਤੀ ਇੰਨੀ ਵਿਗੜ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਖਿੱਚ-ਧੂਹ ’ਚ ਪਰਸ ਤੇ ਉਸ ਦੀਆਂ ਕੀਮਤੀ ਚੀਜ਼ਾਂ ਦਾ ਬਚਾਅ ਹੋ ਗਿਆ।