ਦੂਜੇ ‘ਪਾਠਕ ਪੁਰਸਕਾਰ’ ਲਈ ਪਾਠਕਾਂ ਕੋਲੋਂ ਮੰਗੀਆ ਅਰਜ਼ੀਆਂ
ਦੂਜੇ ‘ਪਾਠਕ ਪੁਰਸਕਾਰ’ ਲਈ ਪਾਠਕਾਂ ਕੋਲੋਂ ਮੰਗੀਆ ਅਰਜ਼ੀਆਂ
Publish Date: Tue, 13 Jan 2026 06:14 PM (IST)
Updated Date: Tue, 13 Jan 2026 06:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਸਾਹਿਤਕ ਸਭਿਆਚਾਰਕ ਵਿਚਾਰ ਮੰਚ ਸਰੀ (ਕਨੇਡਾ) ਦੇ ਸੰਚਾਲਕ ਅਮਰਜੀਤ ਚਾਹਲ, ਸਰਬਜੀਤ ਹੁੰਦਲ ਤੇ ਭਗਵੰਤ ਰਸੂਲਪੁਰੀ ਵੱਲੋਂ ਦੂਜੇ ‘ਪਾਠਕ ਪੁਰਸਕਾਰ’ ਲਈ ਪਾਠਕਾਂ ਕੋਲੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਚੁਣੇ ਗਏ ਦੋ ਪਾਠਕਾਂ ਨੂੰ ਪੰਜ-ਪੰਜ ਹਜ਼ਾਰ ਦੇ ਦੋ ਪੁਰਸਕਾਰ, ਕਿਤਾਬਾਂ ਦੇ ਸੈੱਟ ਅਤੇ ਸਨਮਾਨ ਪੱਤਰ ਦਿੱਤਾ ਜਾਵੇਗਾ। ਪੁਰਸਕਾਰ ਦੇ ਨਿਯਮ ਤੇ ਸ਼ਰਤਾਂ ਬਾਰੇ ਗੱਲ ਕਰਦਿਆਂ ਭਗਵੰਤ ਰਸੂਲਪੁਰੀ ਨੇ ਦੱਸਿਆ ਕਿ ਪਾਠਕ ਨਿਰੋਲ ਕਹਾਣੀ, ਨਾਵਲ, ਕਵਿਤਾ, ਨਾਟਕ, ਸਵੈ ਜੀਵਨੀ ਤੇ ਵਾਰਤਕ ਦਾ ਪਾਠਕ ਹੋਵੇ ਉਹ ਲੇਖਕ ਨਾ ਹੋਵੇ। ਉਹ ਕਿੰਨੇ ਸਾਲਾਂ ਤੋਂ ਪੰਜਾਬੀ ਸਾਹਿਤ ਪੜ੍ਹ ਰਿਹਾ ਹੈ ਤੇ ਸਾਹਿਤ ਦੀ ਕਿਹੜੀ ਵਿਧਾ ਨੂੰ ਪਸੰਦ ਕਰਦਾ ਹੈ। ਪੰਜਾਬੀ ਸਾਹਿਤ ਦੀਆਂ ਕਿਤਾਬਾਂ ਖਰੀਦ ਕੇ ਪੜ੍ਹਦਾ ਹੈ ਜਾਂ ਲਾਇਬਰੇਰੀ ਵਿਚੋਂ ਪੜ੍ਹਦਾ ਹੈ, ਹਰ ਸਾਲ ਕਿੰਨੀਆਂ ਕੁ ਕਿਤਾਬਾਂ ਖਰੀਦ ਕੇ ਪੜ੍ਹਦਾ ਹੈ। ਪੰਜਾਬੀ ਦੇ ਸਾਹਿਤਕ ਰਸਾਲੇ ਕਿਹੜੇ ਕਿਹੜੇ ਖਰੀਦ ਕੇ ਕਿੰਨੇ ਸਾਲਾਂ ਤੋਂ ਪੜ੍ਹ ਰਿਹਾ ਹੈ। ਪੁਰਾਣੇ ਰਸਾਲੇ ਕਿੰਨੇ ਕੁ ਸਾਲਾਂ ਤੋਂ ਸਾਂਭ ਕੇ ਰੱਖਦਾ ਹੈ। ਉਸ ਦੀ ਨਿੱਜੀ ਲਾਇਬਰੇਰੀ ਵਿਚ ਕਿੰਨੀਆਂ ਕੁ ਕਿਤਾਬਾਂ ਕਿੰਨੇ ਮੁੱਲ ਦੀਆ ਹਨ, 2024 ਤੇ 2025 ’ਚ ਕਿੰਨੀਆਂ ਕੁ ਕਿਤਾਬਾਂ ਖਰੀਦ ਕੇ ਪੜ੍ਹੀਆਂ ਅਤੇ ਉਹ ਕਿਸ ਵਿਧਾ ’ਚ ਸਨ। ਕਿਤਾਬ ਖਰੀਦਣ ਤੋਂ ਪਹਿਲਾਂ ਉਸ ਦੀ ਚੋਣ ਕਿਸ ਤਰ੍ਹਾਂ ਕਰਦਾ ਹੈ। ਕੀ ਕਿਤਾਬਾਂ ਦੇ ਛਪੇ ਰੀਵਿਊ ਪੜ੍ਹ ਕੇ ਉਹ ਕਿਤਾਬ ਦੇ ਚੰਗੀ ਮਾੜੀ ਹੋਣ ਦਾ ਨਿਰਣਾ ਕਰਦਾ ਹੈ ਜਾਂ ਆਪਣੇ ਪੱਧਰ ਤੇ ਫੈਸਲਾ ਕਰਦਾ ਹੈ। ਕਿਤਾਬ ਖਰੀਦਣ ਸਮੇਂ ਪਾਠਕ ਪੁਸਤਕ ਵਿਕਰੇਤਾ ਆਪਣੀਆਂ ਕਿਤਾਬਾਂ ਵੇਚਣ ਵਾਲੀਆਂ ਗੱਲਾਂ ਉੱਤੇ ਕਿੰਨਾ ਕੁ ਯਕੀਨ ਕਰਦਾ ਹੈ। | 2025 ਸਾਲ ’ਚ ਛਪੀਆਂ ਕਿਤਾਬਾਂ ਬਾਰੇ ਲਿਖ ਕੇ ਭੇਜੋ ਜਿਹੜੀਆਂ ਤੁਹਾਨੂੰ ਬਹੁਤ ਚੰਗੀਆਂ ਲੱਗੀਆਂ ਤੇ ਉਹਦੀ ਕਿਹੜੀ ਖੂਬੀ ਚੰਗੀ ਲੱਗੀ। ਰਸੂਲਪੁਰੀ ਨੇ ਕਿਹਾ ਕਿ ਲੇਖਕ ਤੇ ਪੁਸਤਕਾਂ ਵੇਚਣ ਵਾਲੇ ਸੱਜਣ ਨੂੰ ਪਾਠਕ ਦੇ ਘੇਰੇ ਚੋਂ ਬਾਹਰ ਰੱਖਿਆ ਜਾਵੇਗਾ। ਪਾਠਕ ਆਪਣਾ ਨਾਂ-ਪਤਾ, ਈ ਮੇਲ ਤੇ ਮੋਬਾਈਲ ਨੰਬਰ ਅਤੇ ਵਿੱਦਿਆਕ ਯੋਗਤਾ ਲਿਖ ਕੇ ਭੇਜੇ। ਚਾਹਵਾਨ ਪਾਠਕ 10 ਫਰਵਰੀ ਤੱਕ ਐਡੀਟਰ ਕਹਾਣੀ ਧਾਰਾ ਪਿੰਡ ਧਰਮਪੁਰ, ਡਾਕ. ਖਾਂਬਰਾ ਜਲੰਧਰ ਜਾਂ ਈ-ਮੇਲ ਕਰ ਸਕਦੇ ਹਨ।