ਗੰਨੇ ਦੇ ਘੱਟ ਝਾੜ ਕਾਰਨ ਪੈਨਲਟੀ ਮਾਫ ਕਰਨ ਦੀ ਅਪੀਲ
ਗੰਨੇ ਦੇ ਘੱਟ ਝਾੜ ਕਾਰਨ ਪੈਨਲਟੀ ਮਾਫ ਕਰਨ ਦੀ ਅਪੀਲ – ਕਿਸਾਨ ਸੰਘਰਸ਼ ਕਮੇਟੀ ਪੰਜਾਬ
Publish Date: Mon, 23 Mar 2026 09:24 PM (IST)
Updated Date: Mon, 23 Mar 2026 09:28 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਤੇ ਜ਼ਿਲ੍ਹਾ ਦੇ ਜਨਰਲ ਸੈਕਟਰੀ ਸੁਖਵਿੰਦਰ ਸਿੰਘ ਦਰਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਸਾਲ ਗੰਨੇ ਦੀ ਫਸਲ ਦਾ ਝਾੜ ਕੁਦਰਤੀ ਤੌਰ ’ਤੇ ਬਹੁਤ ਘੱਟ ਰਹਿਣ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਸ਼ੂਗਰ ਮਿੱਲਾਂ ਵੱਲੋਂ ਲਗਾਈ ਜਾਣ ਵਾਲੀ ਪੈਨਲਟੀ ਜੋ ਆਮ ਤੌਰ ’ਤੇ 10 ਫੀਸਦੀ ਹੁੰਦੀ ਹੈ ਤੇ ਗੰਨਾ 85 ਫੀਸਦੀ ਪੂਰਾ ਹੋਣ 'ਤੇ ਹੀ ਰਿਲੀਜ਼ ਹੁੰਦੀ ਹੈ ਇਸ ਵਾਰ ਘੱਟ ਝਾੜ ਕਾਰਨ ਕਿਸਾਨਾਂ ਦੇ ਖਾਤਿਆਂ ’ਚ ਮਾਫ ਕੀਤੀ ਜਾਵੇ। ਇਸ ਨਾਲ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਬਣੀ ਰਹੇਗੀ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਆਉਣ ਵਾਲੇ ਸਾਲਾਂ ’ਚ ਪੈਨਲਟੀ ਦੀ ਰਕਮ 10 ਫੀਸਦੀ ਤੋਂ ਘਟਾ ਕੇ 2 ਫੀਸਦੀ ਕੀਤੀ ਜਾਵੇ ਤਾਂ ਕਿ ਕਿਸਾਨ ਆਰਥਿਕ ਪੱਖੋਂ ਮਜਬੂਤ ਹੋ ਸਕਣ ਤੇ ਗੰਨੇ ਦੀ ਫਸਲ ਦੀ ਬਿਜਾਈ ਵੱਧ ਸਕੇ। ਬਲਵਿੰਦਰ ਸਿੰਘ ਮੱਲੀ ਨੰਗਲ ਤੇ ਸੁਖਵਿੰਦਰ ਸਿੰਘ ਦਰਾਵਾ ਨੇ ਸਰਕਾਰ ਨੂੰ ਪਰਜ਼ੋਰ ਅਪੀਲ ਕੀਤੀ ਕਿ ਗੰਨੇ ਦੀ ਪੇਮੈਂਟ 14 ਦਿਨਾਂ ਦੇ ਅੰਦਰ ਸ਼ੂਗਰ ਫਿਡ ਕਾਨੂੰਨ ਦੇ ਮੁਤਾਬਕ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਸਹੂਲਤ ਮਿਲੇ ਤੇ ਆਉਣ ਵਾਲੇ ਸਾਲਾਂ ’ਚ ਫਸਲ ਦੀ ਉਤਪਾਦਕਤਾ ਵਧੇ।