ਬਿਨਾਂ ਡਾਕਟਰ ਦੀ ਪਰਚੀ ਧੜੱਲੇ ਨਾਲ ਵਿਕ ਰਹੀਆਂ ਐਂਟੀਬਾਇਓਟਿਕ ਦਵਾਈਆਂ
ਬਿਨਾਂ ਡਾਕਟਰ ਦੀ ਪਰਚੀ ਧੜੱਲੇ ਨਾਲ ਵਿਕ ਰਹੀਆਂ ਐਂਟੀਬਾਇਓਟਿਕ ਦਵਾਈਆਂ
Publish Date: Wed, 04 Feb 2026 08:26 PM (IST)
Updated Date: Thu, 05 Feb 2026 04:11 AM (IST)

-ਹਰ ਮਹੀਨੇ ਕਰੀਬ 10 ਕਰੋੜ ਰੁਪਏ ਦਾ ਕਾਰੋਬਾਰ, ਸਿਹਤ ’ਤੇ ਮੰਡਰਾ ਰਿਹਾ ਵੱਡਾ ਖਤਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ’ਚ ਐਂਟੀਬਾਇਓਟਿਕ ਦਵਾਈਆਂ ਦੀ ਓਵਰ ਦਿ ਕਾਊਂਟਰ (ਓਟੀਸੀ) ਵਿਕਰੀ ਇਕ ਗੰਭੀਰ ਤੇ ਚਿੰਤਾਜਨਕ ਮਸਲਾ ਬਣ ਚੁੱਕੀ ਹੈ। ਨਿਯਮਾਂ ਅਨੁਸਾਰ ਐਂਟੀਬਾਇਓਟਿਕ ਦਵਾਈਆਂ ਸਿਰਫ਼ ਡਾਕਟਰ ਦੀ ਵੈਧ ਪਰਚੀ ’ਤੇ ਹੀ ਵੇਚੀਆਂ ਜਾਣੀਆਂ ਚਾਹੀਦੀਆਂ ਹਨ ਪਰ ਹਕੀਕਤ ਇਹ ਹੈ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਤੇ ਕਸਬਿਆਂ ਦੇ ਕਈ ਮੈਡੀਕਲ ਸਟੋਰਾਂ ’ਤੇ ਇਹ ਦਵਾਈਆਂ ਬਿਨਾਂ ਪਰਚੀ ਧੜੱਲੇ ਨਾਲ ਵਿਕ ਰਹੀਆਂ ਹਨ ਤੇ ਸਿਹਤ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਇਲਾਜ ਸਬੰਧੀ ਮਨਮਰਜ਼ੀ ਕਰਨ ਵਾਲੇ ਮਰੀਜ਼ ਤੇ ਦਵਾਈ ਵਿਕਰੇਤਾ ਖੁੱਲ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਨਾਲ ਲੋਕਾਂ ਦੀ ਸਿਹਤ ’ਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਜ਼ਿਲ੍ਹੇ ਵਿੱਚ ਕਰੀਬ 2500 ਹੋਲਸੇਲ ਤੇ ਰਿਟੇਲ ਦਵਾਈ ਵਿਕਰੇਤਾ ਹਨ। ਇਨ੍ਹਾਂ ’ਚੋਂ ਲਗਭਗ 2000 ਸ਼ਹਿਰੀ ਇਲਾਕਿਆਂ ਤੇ ਕਰੀਬ 500 ਦੇਹਾਤੀ ਇਲਾਕਿਆਂ ’ਚ ਹਨ। ਕੈਮਿਸਟਾਂ ਨਾਲ ਗੱਲਬਾਤ ਦੇ ਆਧਾਰ ’ਤੇ ਅੰਦਾਜ਼ਾ ਹੈ ਕਿ ਜ਼ਿਲ੍ਹੇ ’ਚ ਹਰ ਮਹੀਨੇ ਲਗਭਗ 10 ਕਰੋੜ ਰੁਪਏ ਦੀ ਐਂਟੀਬਾਇਓਟਿਕ ਵਿਕਰੀ ਹੋ ਰਹੀ ਹੈ। ਰੋਜ਼ਾਨਾ ਲੱਖਾਂ ਰੁਪਏ ਦੀ ਐਂਟੀਬਾਇਓਟਿਕ ਵਿਕਰੀ ’ਚ ਕਰੀਬ 50 ਫ਼ੀਸਦੀ ਹਿੱਸਾ ਬਿਨਾਂ ਡਾਕਟਰ ਦੀ ਪਰਚੀ ਤੋਂ ਬਿਨਾਂ ਕੀਤੀ ਜਾ ਰਹੀ ਵਿਕਰੀ ਦਾ ਹੈ। ਦਰਮਿਆਨੇ ਆਕਾਰ ਦੇ ਮੈਡੀਕਲ ਸਟੋਰਾਂ ’ਤੇ ਪ੍ਰਤੀ ਦਿਨ ਤਿੰਨ ਤੋਂ ਦਸ ਹਜ਼ਾਰ ਰੁਪਏ ਤੱਕ ਦੀ ਐਂਟੀਬਾਇਓਟਿਕ ਵਿਕ ਜਾਂਦੀ ਹੈ, ਜਦਕਿ ਵੱਡੇ ਮੈਡੀਕਲ ਸਟੋਰਾਂ ’ਤੇ ਇਹ ਅੰਕੜਾ 20 ਤੋਂ 25 ਹਜ਼ਾਰ ਰੁਪਏ ਦੇ ਕਰੀਬ ਹੈ। ਇਨ੍ਹਾਂ ’ਚ ਕੋਟ੍ਰਾਈਮੋਕਸਾਜ਼ੋਲ, ਐਮੌਕਸੀਸਿਲਿਨ, ਟੈਟ੍ਰਾਸਾਈਕਲਿਨ, ਐਮੌਕਸੀਸਿਲਿਨ ਤੇ ਕਲੈਵੂਲੇਨਿਕ ਐਸਿਡ, ਸਿਪ੍ਰੋਫਲੋਕਸਾਸਿਨ, ਸੈਫਾਟਰੋਕਸਿਲ, ਸੈਫਿਕਸੀਮ ਆਦਿ ਐਂਟੀਬਾਇਓਟਿਕਸ ਦੀ ਵਿਕਰੀ ਵੱਡੇ ਪੱਧਰ ’ਤੇ ਹੋ ਰਹੀ ਹੈ। ਬਿਨਾਂ ਪਰਚੀ ਖੁੱਲ੍ਹੇਆਮ ਵਿਕ ਰਹੀਆਂ ਐਂਟੀਬਾਇਓਟਿਕਸ ਸ਼ਹਿਰ ਦੇ ਕੁਝ ਇਲਾਕਿਆਂ ’ਚ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕਈ ਮੈਡੀਕਲ ਸਟੋਰਾਂ ’ਤੇ ਖਾਂਸੀ, ਜ਼ੁਕਾਮ, ਬੁਖ਼ਾਰ, ਗਲੇ ਦੀ ਇਨਫੈਕਸ਼ਨ ਜਾਂ ਪੇਟ ਦੀ ਸਮੱਸਿਆ ਦੱਸਣ ’ਤੇ ਦੁਕਾਨਦਾਰ ਖੁਦ ਹੀ ਐਂਟੀਬਾਇਓਟਿਕ ਦੇ ਦਿੰਦੇ ਹਨ। ਕਈ ਵਾਰ ਤਾਂ ਮਰੀਜ਼ ਤੋਂ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਪਿਛਲੀ ਵਾਰ ਕਿਹੜੀ ਦਵਾਈ ਲਈ ਸੀ ਤੇ ਉਸੇ ਆਧਾਰ ’ਤੇ ਬਿਨਾਂ ਡਾਕਟਰ ਦੀ ਪਰਚੀ ਦੇ ਮੁੜ ਐਂਟੀਬਾਇਓਟਿਕ ਦੇ ਦਿੱਤੀ ਜਾਂਦੀ ਹੈ। ਮਰੀਜ਼ਾਂ ਦੇ ਤਜਰਬੇ ਬੱਸ ਸਟੈਂਡ ਨੇੜੇ ਕੈਮਿਸਟ ਦੀ ਦੁਕਾਨ ’ਤੇ ਦਵਾਈ ਲੈਣ ਪਹੁੰਚੇ ਮਰੀਜ਼ ਰਾਹੁਲ, ਜੋ ਇਕ ਨਿੱਜੀ ਕੰਪਨੀ ’ਚ ਕੰਮ ਕਰਦੇ ਹਨ, ਨੇ ਕਿਹਾ ਕਿ ਹਲਕੀ-ਫੁਲਕੀ ਬਿਮਾਰੀ ’ਚ ਡਾਕਟਰ ਕੋਲ ਜਾਣ ’ਚ ਸਮਾਂ ਅਤੇ ਪੈਸਾ ਦੋਵੇਂ ਲੱਗਦੇ ਹਨ। ਜਦੋਂ ਮੈਡੀਕਲ ਸਟੋਰ ਤੋਂ ਦਵਾਈ ਮਿਲ ਜਾਂਦੀ ਹੈ ਤਾਂ ਉੱਥੋਂ ਹੀ ਲੈ ਲੈਂਦੇ ਹਾਂ ਤੇ ਕੰਮ ਚੱਲ ਜਾਂਦਾ ਹੈ। ਬਸਤੀ ਗੁਜਾਂ ਸਥਿਤ ਕੈਮਿਸਟ ਦੀ ਦੁਕਾਨ ’ਤੇ ਦਵਾਈ ਲੈਣ ਆਏ ਆਟੋ ਚਾਲਕ ਸ਼ੰਮੀ ਨੇ ਕਿਹਾ ਕਿ ਪਿਛਲੀ ਵਾਰ ਡਾਕਟਰ ਨੇ ਜੋ ਐਂਟੀਬਾਇਓਟਿਕ ਦਿੱਤੀ ਸੀ, ਉਹੀ ਦਵਾਈ ਦੁਕਾਨਦਾਰ ਫਿਰ ਦੇ ਦਿੰਦਾ ਹੈ। ਜਦੋਂ ਵੀ ਗਲਾ ਖ਼ਰਾਬ ਜਾਂ ਪੇਟ ਦੀ ਸਮੱਸਿਆ ਹੁੰਦੀ ਹੈ ਤਾਂ ਉਹੀ ਦਵਾਈ ਖ਼ਰੀਦ ਕੇ ਖਾ ਲੈਂਦੇ ਹਨ। ਕੈਮਿਸਟਾਂ ਦੀ ਮਜਬੂਰੀ ਤੇ ਲਾਪਰਵਾਹੀ ਮਾਡਲ ਹਾਊਸ ਸਥਿਤ ਇਕ ਦਵਾਈ ਵਿਕਰੇਤਾ ਨੇ ਦੱਸਿਆ ਕਿ ਕੁਝ ਮਰੀਜ਼ਾਂ ਦਾ ਬਹੁਤ ਦਬਾਅ ਹੁੰਦਾ ਹੈ, ਜੇ ਅਸੀਂ ਦਵਾਈ ਨਾ ਦੇਈਏ ਤਾਂ ਮਰੀਜ਼ ਦੂਜੇ ਸਟੋਰ ’ਤੇ ਚਲਾ ਜਾਂਦਾ ਹੈ। ਮੁਕਾਬਲਾ ਇੰਨਾ ਵੱਧ ਹੈ ਕਿ ਕਈ ਵਾਰ ਮਜਬੂਰੀ ’ਚ ਦਵਾਈ ਦੇਣੀ ਪੈਂਦੀ ਹੈ। ਦਿਲਕੁਸ਼ਾ ਮਾਰਕੀਟ ਦੇ ਬਾਹਰ ਸਥਿਤ ਇਕ ਦਵਾਈ ਵਿਕਰੇਤਾ ਮੰਨਦਾ ਹੈ ਕਿ ਬਿਨਾਂ ਪਰਚੀ ਐਂਟੀਬਾਇਓਟਿਕ ਦੇਣਾ ਗਲਤ ਤੇ ਖਤਰਨਾਕ ਹੈ ਪਰ ਕਈ ਮਰੀਜ਼ ਆ ਕੇ ਬਹਿਸ ਕਰਦੇ ਹਨ ਕਿ ਉਹ ਗੂਗਲ ਜਾਂ ਚੈਟਜੀਪੀਟੀ ’ਤੇ ਵੇਖ ਕੇ ਆਏ ਹਨ ਕਿ ਉਨ੍ਹਾਂ ਦੀ ਬਿਮਾਰੀ ਲਈ ਇਹ ਦਵਾਈ ਲਾਭਦਾਇਕ ਹੈ ਤੇ ਤੁਸੀਂ ਇਹ ਦੇ ਦਿਓ। ਜੇ ਉਨ੍ਹਾਂ ਨੂੰ ਨਿਰਾਸ਼ ਕੀਤਾ ਜਾਵੇ ਤਾਂ ਕਾਰੋਬਾਰ ’ਤੇ ਮਾੜਾ ਅਸਰ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਇਸ ਦੇ ਨੁਕਸਾਨਾਂ ਬਾਰੇ ਸਮਝਾਇਆ ਵੀ ਜਾਂਦਾ ਹੈ ਪਰ ਉਹ ਨਹੀਂ ਮੰਨਦੇ। ਰਿਟੇਲ ਕੈਮਿਸਟ ਐਸੋਸੀਏਸ਼ਨ ਦੀ ਰਾਇ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਸਹਿਗਲ ਨੇ ਕਿਹਾ ਕਿ ਸਮੇਂ-ਸਮੇਂ ’ਤੇ ਮੈਂਬਰਾਂ ਨੂੰ ਮੀਟਿੰਗਾਂ ਦੌਰਾਨ ਸਿਹਤ ਅਥਾਰਟੀ ਰਾਹੀਂ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਐਂਟੀਬਾਇਓਟਿਕਸ ਦੀ ਓਟੀਸੀ ਵਿਕਰੀ ਕਾਰਨ ਐਂਟੀਬਾਇਓਟਿਕ ਰਜ਼ਿਸਟੈਂਸ ਵਰਗੀ ਗੰਭੀਰ ਸਮੱਸਿਆ ਪੈਦਾ ਹੋ ਰਹੀ ਹੈ। ਇਸ ਲਈ ਲੋਕਾਂ ਤੇ ਕੈਮਿਸਟਾਂ ਦੋਵਾਂ ’ਚ ਜਾਗਰੂਕਤਾ ਤੇ ਸਖ਼ਤੀ ਜ਼ਰੂਰੀ ਹੈ। ਸਿਹਤ ਵਿਭਾਗ ਦੀ ਚੇਤਾਵਨੀ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਐਂਟੀਬਾਇਓਟਿਕਸ ਦੀ ਬਿਨਾਂ ਪਰਚੀ ਵਿਕਰੀ ਕਾਨੂੰਨੀ ਅਪਰਾਧ ਹੈ। ਐਂਟੀਬਾਇਓਟਿਕਸ ਦਾ ਗਲਤ ਤੇ ਬੇਕਾਬੂ ਇਸਤੇਮਾਲ ਸਿਹਤ ਲਈ ਬਹੁਤ ਖਤਰਨਾਕ ਹੈ। ਸਿਹਤ ਵਿਭਾਗ ਵੱਲੋਂ ਮੈਡੀਕਲ ਸਟੋਰਾਂ ਦੀ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ ਤੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਬਿਨਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਐਂਟੀਬਾਇਓਟਿਕਸ ਦਾ ਸੇਵਨ ਨਾ ਕੀਤਾ ਜਾਵੇ। ਬਿਨਾਂ ਲੋੜ ਤੇ ਅਧੂਰਾ ਕੋਰਸ ਲੈਣ ਨਾਲ ਐਂਟੀਬਾਇਓਟਿਕ ਰਜਿਸਟੈਂਸ ਵਧਦੀ ਹੈ ਤੇ ਭਵਿੱਖ ’ਚ ਗੰਭੀਰ ਇਨਫੈਕਸ਼ਨਾਂ ’ਤੇ ਦਵਾਈਆਂ ਅਸਰ ਕਰਨਾ ਬੰਦ ਕਰ ਦਿੰਦੀਆਂ ਹਨ।