ਬੈਂਕ ਲੁੱਟ ਕਾਂਡ ’ਚ ਇਕ ਹੋਰ ਗ੍ਰਿਫ਼ਤਾਰ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Wed, 08 Apr 2026 10:01 PM (IST)
Updated Date: Wed, 08 Apr 2026 10:05 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਖੁਰਲਾ ਕਿੰਗਰਾ ਦੇ ਪੰਜਾਬ ਨੈਸ਼ਨਲ ਬੈਂਕ ’ਚ ਲੁੱਟ ਦੀ ਘਟਨਾ ਇਕ ਸਾਬਕਾ ਡੀਐੱਸਪੀ ਦੇ ਪੁੱਤਰ ਨੇ ਨਸ਼ੇ ਦੇ ਕਰਜ਼ੇ, ਧੀ ਦੀ ਫੀਸ ਤੇ ਘਰ ਦੇ ਖਰਚੇ ਲਈ ਕੀਤੀ ਸੀ। ਪੁਲਿਸ ਨੇ ਦੋਸ਼ੀ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਅਨੁਸਾਰ, ਬੈਂਕ ਦਾ ਕੋਈ ਮੁਲਾਜ਼ਮ ਉਸ ਨੂੰ ਜਾਣਕਾਰੀ ਦੇ ਰਿਹਾ ਸੀ। ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦੇ ਇਸ ਬੈਂਕ ’ਚ ਖਾਤੇ ਹਨ। ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਪੁਲਿਸ ਰਿਮਾਂਡ ’ਤੇ ਹੈ। ਪੁਲਿਸ ਦੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਤੇ ਨਸ਼ਾ ਤਸਕਰਾਂ ਦਾ ਕਰਜ਼ਦਾਰ ਸੀ। ਇਸ ਤੋਂ ਇਲਾਵਾ ਘਰੇਲੂ ਜਰੂਰਤਾਂ ਕਾਰਨ ਉਸਨੇ ਬੈਂਕ ਲੁੱਟਣ ਦੀ ਯੋਜਨਾ ਬਣਾਈ। ਮੁਲਜ਼ਮ ਨੂੰ ਬੈਂਕ ਦੀ ਹਰ ਗਤੀਵਿਧੀ ਤੇ ਗਾਹਕਾਂ ਦੇ ਆਉਣ-ਜਾਣ ਦੀ ਜਾਣਕਾਰੀ ਸੀ। ਮੁਲਜ਼ਮ ਆਪਣੇ ਪਿਤਾ ਦੀ ਮੌਤ ਮਗਰੋਂ ਨਸ਼ਿਆਂ ਦਾ ਆਦੀ ਹੋਇਆ। ਨਸ਼ਾ ਕਰਨ ਤੇ ਕਾਰੋਬਾਰ ਨਾ ਹੋਣ ਕਾਰਨ ਉਹ ਸਾਥੀਆਂ ਨਾਲ ਰਲ ਕੇ ਨਸ਼ਾ ਵੇਚਣ ਲੱਗਾ। ਪੁਲਿਸ ਦੀ ਜਾਂਚ ’ਚ ਹੁਣ ਤੱਕ ਇਹ ਪਤਾ ਲੱਗਾ ਹੈ ਕਿ ਮੁਲਜ਼ਮ ਦੇ ਕਈ ਸਾਥੀ ਆਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਉਸ 'ਤੇ ਪਹਿਲਾਂ ਵੀ ਧੋਖਾਧੜੀ ਤੇ ਐੱਨਡੀਪੀਐੱਸ ਐਕਟ ਤਹਿਤ ਦੋ ਮਾਮਲੇ ਦਰਜ ਹਨ। ਪੁਲਿਸ ਨੇ ਪੁੱਛਗਿੱਛ ਦੌਰਾਨ ਦੋਸ਼ੀ ਦੇ ਕਬਜ਼ੇ ਤੋਂ ਲੁੱਟ ਦੀ ਘਟਨਾ ਵਿਚ ਵਰਤੇ ਗਏ ਰਿਵਾਲਵਰ, ਤਿੰਨ ਕਾਰਤੂਸ ਤੇ ਲੁੱਟੀ ਗਈ ਨਕਦੀ ਦਾ ਹਿੱਸਾ ਵੀ ਬਰਾਮਦ ਕੀਤਾ ਹੈ।