ਆਦਮਪੁਰ ’ਚ ਸਾਲਾਨਾ ਜਨ ਚੇਤਨਾ ਸਮਾਗਮ ਕਰਵਾਇਆ
ਸੰਤ ਸੁਰਿੰਦਰ ਦਾਸ ਬਾਵਾ ਜੀ ਦੀ ਦੇਖਰੇਖ ਹੇਠ ਸਲਾਨਾ ਜਨ ਚੇਤਨਾ ਸਮਾਗਮ ਕਰਵਾਇਆ
Publish Date: Wed, 11 Feb 2026 07:25 PM (IST)
Updated Date: Wed, 11 Feb 2026 07:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਦਮਪੁਰ : ਰਵਿਦਾਸੀਆ ਧਰਮ ਜਨ ਚੇਤਨਾ ਸੰਤ ਸਮਾਗਮ ਪ੍ਰਬੰਧਕ ਕਮੇਟੀ ਆਦਮਪੁਰ ਵੱਲੋਂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ, ਰਵਿਦਾਸੀਆ ਧਰਮ ਦੇ 17ਵੇਂ ਸਥਾਪਨਾ ਦਿਵਸ ਤੇ ਬ੍ਰਹਮਲੀਨ ਸਤਿਗੁਰ ਸਰਵਣ ਦਾਸ ਮਹਾਰਾਜ ਜੀ ਦੇ 131ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਾਲਾਨਾ ਜਨ ਚੇਤਨਾ ਸਮਾਗਮ ਕਾਲਰੀਆਂ ਮੁਹੱਲਾ ਵਿਖੇ ਭਾਵਪੂਰਵਕ ਕਰਵਾਇਆ ਗਿਆ। ਇਹ ਸਮਾਗਮ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਸੰਤ ਸੁਰਿੰਦਰ ਦਾਸ ਬਾਵਾ (ਸੰਸਥਾਪਕ, ਰਵਿਦਾਸੀਆ ਧਰਮ ਅਸਥਾਨ ਕਾਹਨਪੁਰ, ਜਲੰਧਰ) ਤੇ ਸੰਤ ਹਰਵਿੰਦਰ ਦਾਸ ਆਦਮਪੁਰ ਦੀ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਪੰਨ ਹੋਇਆ। ਸਮਾਗਮ ਦੀ ਸ਼ੁਰੂਆਤ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਨਾਲ ਕੀਤੀ ਗਈ। ਇਸ ਉਪਰੰਤ ਸਜੇ ਦੀਵਾਨ ਦੌਰਾਨ ਬੰਗੜ ਬ੍ਰਦਰਜ਼ ਰਾਏਪੁਰ ਰਸੂਲਪੁਰ ਤੇ ਜੀਵਨ ਸੋਹਲ ਦੇ ਕੀਰਤਨੀ ਜਥਿਆਂ ਨੇ ਰਸਭਰੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਦੌਰਾਨ ਸੰਤ ਸੁਰਿੰਦਰ ਦਾਸ ਬਾਵਾ ਵੱਲੋਂ ਪਹੁੰਚੇ ਹੋਏ ਸੰਤ ਮਹਾਂਪੁਰਸ਼ਾਂ, ਸਹਿਯੋਗੀ ਸੰਗਤਾਂ ਤੇ ਪਤਵੰਤਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ’ਚ ਸੰਤ ਬੀਬੀ ਕ੍ਰਿਸ਼ਨਾ ਦੇਵੀ ਬੋਪਾਰਾਏ, ਸੰਤ ਸਤਿਆਪਾਲ ਹਰਿਆਣਾ, ਸੰਤ ਚੰਨਣ ਪ੍ਰਕਾਸ਼ ਪਠਾਨਕੋਟ, ਸੰਤ ਬਲਬੀਰ ਦਾਸ ਖੰਨਾ, ਸੰਤ ਬਾਬਾ ਮੁਕੇਸ਼ ਦਾਸ ਰਾਮਨਗਰ, ਸੰਤ ਹਰਵਿੰਦਰ ਦਾਸ ਆਦਮਪੁਰ, ਸੰਤ ਤਰਸੇਮ ਸਿੰਘ ਨਿਰਮਲ ਕੁਟੀਆ ਆਦਮਪੁਰ, ਸੰਤ ਬਲਵੰਤ ਸਿੰਘ ਡੀਗਰੀਆਂ ਤੇ ਸੰਤ ਧਰਮ ਦਾਸ ਮਹਿਤਪੁਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸੰਤ ਮਹਾਂਪੁਰਸ਼ਾਂ ਨੇ ਸ਼ਿਰਕਤ ਕਰਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਸਟੇਜ ਸਕੱਤਰ ਸੁਖਵਿੰਦਰ ਗੋਲਡੀ ਆਦਮਪੁਰ ਨੇ ਪਹੁੰਚੇ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ’ਚ ਆਈ ਹੋਈ ਸੰਗਤ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।