ਪ੍ਰੀਖਿਆਵਾਂ ’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨੇ
ਬਿਨਪਾਲਕੇ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Tue, 10 Feb 2026 09:19 PM (IST)
Updated Date: Tue, 10 Feb 2026 09:20 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ਵਿਖੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ’ਚ ਸਕੂਲ ਸਟਾਫ਼, ਐੱਸਐੱਮਸੀ ਕਮੇਟੀ ਤੇ ਮਾਪਿਆਂ ਦੇ ਸਹਿਯੋਗ ਨਾਲ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ। ਸਮਾਰੋਹ ਦੇ ਮੁੱਖ ਮਹਿਮਾਨ ਸੁਰਜੀਤ ਸਿੰਘ (ਮੈਂਬਰ ਐੱਸਐੱਮਸੀ ਕਮੇਟੀ) ਤੇ ਵਿਸ਼ੇਸ਼ ਮਹਿਮਾਨ ਸੁਖਦੇਵ ਸਿੰਘ (ਸੇਵਾ ਮੁਕਤ ਲੈਕਚਰਾਰ) ਸਨ। ਸਕੂਲ ਸਟਾਫ਼ ਵੱਲੋਂ ਵਿਦਿਆਰਥੀਆਂ ਦੀ ਤੰਦਰੁਸਤੀ ਤੇ ਸਾਲਾਨਾ ਪ੍ਰੀਖਿਆਵਾਂ ’ਚ ਵਧੀਆ ਕਾਰਗੁਜ਼ਾਰੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਗਗਨਦੀਪ ਕੌਰ ਤੇ ਵਿਦਿਆਰਥਣਾਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਤੇ ਲੰਗਰ ਦੀ ਵਿਵਸਥਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀ ਵਿਸ਼ਵਜੀਤ ਵੱਲੋਂ ਧਾਰਮਿਕ ਗੀਤ ਨਾਲ ਹੋਈ। ਪ੍ਰਿੰਸੀਪਲ ਤੇ ਸਕੂਲ ਸਟਾਫ਼ ਵੱਲੋਂ ਮੁੱਖ ਤੇ ਵਿਸ਼ੇਸ਼ ਮਹਿਮਾਨਾਂ ਦਾ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਸਾਲ 2024-25 ਦੀਆਂ ਪ੍ਰੀਖਿਆਵਾਂ ’ਚ 6ਵੀਂ ਤੋਂ 12ਵੀਂ ਕਲਾਸ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦਿੱਤੇ ਗਏ। ਹਰ ਕਲਾਸ ਤੋਂ ਇਕ ਆਗਿਆਕਾਰੀ ਵਿਦਿਆਰਥੀ ਨੂੰ ਵੀ ਮੋਮੈਂਟੋ ਤੇ ਸਰਟੀਫਿਕੇਟ ਮਿਲੇ। ਜ਼ਿਲ੍ਹਾ ਪੱਧਰੀ ਖੇਡਾਂ ’ਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ, ਲਾਇਬ੍ਰੇਰੀ ’ਚ ਸਭ ਤੋਂ ਵੱਧ ਕਿਤਾਬਾਂ ਪੜ੍ਹਨ ਵਾਲੀ ਵਿਦਿਆਰਥਣ ਤੇ ਸਵੇਰ ਦੀ ਸਭਾ ਕਰਵਾਉਣ ਵਾਲੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਦੀ ਉਸਾਰੀ ’ਚ ਯੋਗਦਾਨ ਪਾਉਣ ਵਾਲੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵੀ ਸਨਮਾਨ ਦਿੱਤਾ ਗਿਆ। ਗੁਰਪ੍ਰੀਤ ਕੌਰ (ਪ੍ਰਾਇਮਰੀ ਸਕੂਲ ਇੰਚਾਰਜ), ਬ੍ਰਿਜ ਲਾਲ (ਲੈਕਚਰਾਰ), ਗੁਰਜੀਤ ਕੌਰ (ਕੰਪਿਊਟਰ ਫੈਕਲਟੀ) ਤੇ ਹੋਰ ਸਟਾਫ਼ ਨੂੰ ਵਿਦਿਆਰਥੀਆਂ ਦੀ ਪ੍ਰਗਤੀ ਤੇ ਸਕੂਲ ਦੀ ਤਰੱਕੀ ਲਈ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਸੁਖਦੇਵ ਸਿੰਘ ਨੇ ਸਕੂਲ ਨੂੰ 11,000 ਰੁਪਏ ਦੀ ਦਾਨ ਰਾਸ਼ੀ ਦਿੱਤੀ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ’ਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਨਵੇਂ ਸੈਸ਼ਨ ’ਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਵਾਉਣ ਦੀ ਅਪੀਲ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਗਗਨਦੀਪ ਕੌਰ ਤੇ ਪੂਨਮ ਦੱਤਾ ਨੇ ਨਿਭਾਈ। ਸਮਾਰੋਹ ਦੇ ਅੰਤ ਤੇ ਮੁੱਖ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।