ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਸਤਗੋ ’ਚ ਵੰਡੇ ਇਨਾਮ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਸਤਗੋ ’ਚ ਸਾਲਾਨਾ ਇਨਾਮ ਵੰਡ ਸਮਾਰੋਹ
Publish Date: Wed, 18 Feb 2026 10:09 PM (IST)
Updated Date: Wed, 18 Feb 2026 10:12 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਸਤਗੋ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਰੋਹ ਤੋਂ ਪਹਿਲਾਂ ਸਕੂਲ ’ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਕੂਲ ਪਰਿਵਾਰ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਅਕਾਦਮਿਕ, ਖੇਡਾਂ ਤੇ ਹੋਰ ਗਤੀਵਿਧੀਆਂ ’ਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਨਾਮ ਤੇ ਸਨਮਾਨ ਦਿੱਤਾ ਗਿਆ। ਪ੍ਰਿੰਸੀਪਲ ਸੁਰਿੰਦਰ ਕੁਮਾਰ ਤੇ ਸਕੂਲ ਇੰਚਾਰਜ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਉੱਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸਮਾਰੋਹ ਦੌਰਾਨ ਵਿੱਦਿਅਕ ਟਰੱਸਟਾਂ ਜਿਵੇਂ ਕਿ ਪਰਮਜੀਤ ਸਿੰਘ, ਬਲਜੀਤ ਨਿੱਝਰ, ਰਘਬੀਰ ਸਿੰਘ ਢਿਲੋਂ, ਕਿਰਪਾਲ ਸਿੰਘ ਭੰਗੂ ਤੇ ਮਾਤਾ ਬਾਲ ਕੌਰ ਭੰਗੂ ਮੈਮੋਰੀਅਲ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਤੇ ਲੋੜੀਂਦੀ ਸਮਗਰੀ ਵੀ ਦਿੱਤੀ ਗਈ। ਹਾਜ਼ਰੀ ’ਚ ਸਕੂਲ ਸਟਾਫ਼, ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਐੱਸਐੱਮਸੀ ਕਮੇਟੀ ਮੈਂਬਰਾਂ, ਮਾਪੇ ਤੇ ਸਮਾਜਕ ਸੱਜਣ ਸ਼ਾਮਲ ਸਨ। ਸਮਾਰੋਹ ਦੇ ਅੰਤ ’ਚ ਗੁਰੂ ਕਾ ਅਟੁੱਟ ਲੰਗਰ ਸੇਵਾ ਕੀਤੀ ਗਈ। ਹਾਜ਼ਰੀਨ ਨੇ ਸਮਾਗਮ ਦੀ ਭਰਪੂਰ ਸਫਲਤਾ ਤੇ ਸੁਚੱਜੇ ਪ੍ਰਬੰਧ ਦੀ ਸ਼ਲਾਘਾ ਕੀਤੀ।