ਪੀਰ ਬਾਪੂ ਅਬਦੁੱਲਾ ਸ਼ਾਹ ਕਾਦਰੀ ਦਾ ਸਾਲਾਨਾ ਮੇਲਾ ਕਰਵਾਇਆ
ਕੈਬਨਿਟ ਮੰਤਰੀ ਮਹਿੰਦਰ ਭਗਤ
Publish Date: Sat, 04 Apr 2026 10:19 PM (IST)
Updated Date: Sat, 04 Apr 2026 10:22 PM (IST)
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ
ਕਿਹਾ, ਅਜਿਹੇ ਸਮਾਗਮ ਭਾਈਚਾਰਾ ਤੇ ਏਕਤਾ ਨੂੰ ਕਰਦੇ ਨੇ ਮਜ਼ਬੂਤ
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੀਰ ਬਾਬਾ ਅਬਦੁੱਲਾ ਸ਼ਾਹ ਕਾਦਰੀ ਜੀ, ਖੂਹ ਵਾਲੀ ਸਰਕਾਰ ਦਰਬਾਰ ’ਚ ਸ਼ੁੱਕਰਵਾਰ ਨੂੰ ਸਾਲਾਨਾ ਮੇਲਾ ਸਰਵਨ ਸਿੰਘ (ਸਾਬਕਾ ਕੌਂਸਲਰ) ਦੇ ਖੂਹ ਭਾਰਗੋ ਨਗਰ ’ਚ ਮਨਾਇਆ ਗਿਆ। ਇਸ ਮੌਕੇ ਦੂਰ-ਦੂਰ ਤੋਂ ਆਈ ਸੰਗਤ ਨੇ ਦਰਬਾਰ ’ਚ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤੀ। ਸਮਾਗਮ ’ਚ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਦਰਬਾਰ ’ਚ ਪੁੱਜਣ ’ਤੇ ਪ੍ਰਬੰਧਕਾਂ ਤੇ ਸੰਗਤ ਵੱਲੋਂ ਕੈਬਨਿਟ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਭਗਤ ਨੇ ਮੱਥਾ ਟੇਕ ਕੇ ਅਸੀਸ ਲਈ ਤੇ ਇਲਾਕੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।
ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸੰਗਤ ਨੂੰ ਮੇਲੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ’ਚ ਭਾਈਚਾਰਾ, ਏਕਤਾ ਤੇ ਹਾਂ-ਪੱਖੀ ਊਰਜਾ ਪੈਦਾ ਕਰਦੇ ਹਨ। ਧਾਰਮਿਕ ਸਥਾਨ ਸਾਡੀ ਆਸਥਾ ਦੇ ਕੇਂਦਰ ਹਨ ਤੇ ਸਾਨੂੰ ਆਪਣੇ ਸੰਸਕਾਰਾਂ ਨਾਲ ਜੋੜਦੇ ਹਨ। ਇਸ ਤਰ੍ਹਾਂ ਦੇ ਮੇਲੇ ਨਾ ਸਿਰਫ ਅਧਿਆਤਮਿਕ ਮਾਹੌਲ ਪੈਦਾ ਕਰਦੇ ਹਨ, ਸਗੋਂ ਸਮਾਜ ਨੂੰ ਇਕਜੁੱਟ ਕਰਨ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਧਾਰਮਿਕ ਸਥਾਨਾਂ ਦੇ ਵਿਕਾਸ ਅਤੇ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਮੇਲੇ ਦੌਰਾਨ ਦਰਬਾਰ ਨੂੰ ਬਾਖੂਬੀ ਢੰਗ ਨਾਲ ਸਜਾਇਆ ਗਿਆ ਸੀ ਤੇ ਸੰਗਤ ਲਈ ਲੰਗਰ ਸਮੇਤ ਹੋਰ ਸਾਰੀਆਂ ਵਿਵਸਥਾਵਾਂ ਸੁਚਾਰੂ ਢੰਗ ਨਾਲ ਕੀਤੀਆਂ ਗਈਆਂ ਸਨ। ਇਸ ਮੌਕੇ ਪੰਜਾਬੀ ਗਾਇਕ ਦਲਜੀਤ ਹੰਸ ਨੇ ਗਾਇਕੀ ਰਾਹੀਂ ਬਾਬਾ ਜੀ ਦੇ ਚਰਨਾਂ ’ਚ ਹਾਜ਼ਰੀ ਲਗਵਾਈ। ਪ੍ਰਬੰਧਕੀ ਕਮੇਟੀ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਗਾਇਕ ਦਲਜੀਤ ਹੰਸ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ।